BJP leader writes letter to PM : ਜਲੰਧਰ ’ਚ ਪਿਛਲੇ ਦਿਨੀਂ ਮੋਬਾਈਲ ਲੁਟੇਰਿਆਂ ਨਾਲ ਭਿੜਣ ਵਾਲੀ 15 ਸਾਲਾ ਲੜਕੀ ਕੁਸੁਮ ਦਾ ਨਾਂ ਹਰ ਕਿਸੇ ਦੀ ਜ਼ੁਬਾਨ ’ਤੇ ਹੈ। ਸੋਸ਼ਲ ਮੀਡੀਆ ’ਤੇ ਕੋਈ ਉਸ ਨੂੰ ਝਾਂਸੀ ਦੀ ਰਾਣੀ, ਕੋਈ ਮਰਦਾਨੀ ਤਾਂ ਕੋਈ ਕਿਸੇ ਹੋਰ ਟੈਗਲਾਈਨ ਨਾਲ ਉਸ ਦੇ ਵੀਡੀਓ-ਫੋਟੋ ਸ਼ੇਅਰ ਕਰ ਰਿਹਾ ਹੈ। ਇਸੇ ਦੌਰਾਨ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਰਾਣਾ ਭਾਨੂ ਪ੍ਰਤਾਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਉਸਨੂੰ ਸਨਮਾਨਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਚਿੱਠੀ ਦੀ ਇੱਕ ਕਾਪੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਅਮਰਿੰਦਰ ਸਿੰਘ, ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਵੀ ਭੇਜੀ ਹੈ। ਉਨ੍ਹਾਂ ਕਿਹਾ ਕਿ ਸਿਰਫ ਅਸੀਂ ਪੰਜਾਬੀਆਂ ਨੇ ਹੀ ਨਹੀਂ, ਸਗੋਂ ਕੁਸੁਮ ਦੀ ਭਾਰਤ ਸਰਕਾਰ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਖੁਦ ਆਪਣੇ ਸੋਸ਼ਲ ਮੀਡੀਆ ’ਤੇ ਕੁਸੁਮ ਦੇ ਹੌਸਲੇ ਨੂੰ ਸਲਾਮ ਕੀਤਾ ਹੈ। ਕਿਉਂਕਿ ਪੰਜਾਬ ਦੀ ਇਹ ਬੱਚੀ ਦੇਸ਼ ਦੇ ਨੌਜਵਾਨਾਂ ਤੇ ਲੜਕੀਆਂ ਦੀ ਰੋਲ ਮਾਡਲ ਬਣ ਕੇ ਉਭਰੀ ਹੈ, ਇਸ ਲਈ ਉਸ ਦਾ ਸਨਮਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕੁਸੁਮ ਦਾ ਸਨਮਾਨ ਕੇਂਦਰ ਸਰਕਾਰ ਵੱਲੋਂ ਜ਼ਰੂਰ ਹੋਵੇਗਾ। ਕਿਸੇ ਤਰ੍ਹਾਂ ਤੋਂ ਮੈਡੀਕਲ ਸਹਿਯੋਗ ਤੇ ਕਾਨੂੰਨੀ ਲੜਾਈ ਲੜਨ ਵਿਚ ਬੱਚੀ ਨੂੰ ਲੋੜ ਹੋਵੇਗੀ ਤਾਂ ਜ਼ਿਲ੍ਹਾ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਨੌਜਵਾਨ ਭਾਜਪਾ ਦੀ ਲੀਗਲ ਟੀਮ ਸਹਿਯੋਗ ਕਰੇਗੀ।
ਦੱਸਣਯੋਗ ਹੈ ਕਿ 30 ਅਗਸਤ ਨੂੰ ਜਲੰਧਰ ਦੇ ਦੀਨ ਦਿਆਲ ਉਪਾਧਿਆਏ ਨਗਰ ’ਚ ਬਾਇਕ ਸਵਾਰ ਦੋ ਬਦਮਾਸ਼ਾਂ ਨੇ ਕੁਸੁਮ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਬਦਮਾਸ਼ ਉਸ ਨੂੰ ਕੁਝ ਦੂਰ ਮੋਟਰਸਾਈਕਲ ਨਾਲ ਘਸੀਟਦੇ ਹੋਏ ਲੈ ਗਏ ਪਰ ਕੁਸੁਮ ਨੇ ਆਪਣੇ ਫੋਨ ਨੂੰ ਨਹੀਂ ਛੱਡਿਆ। ਉਸ ਨੇ ਬਹਾਦੁਰੀ ਦਿਖਾਉਂਦੇ ਹੋਏ ਮੋਟਰਸਾਈਕਲ ’ਤੇ ਪਿੱਛੇ ਬੈਠੇ ਲੁਟੇਰੇ ਨੂੰ ਫੜ ਕੇ ਜ਼ਮੀਨ ’ਤੇ ਖਿੱਚ ਲਿਆ। ਲੁਟੇਰੇ ਦਾ ਸਾਹਮਣਾ ਕਰਦਿਆਂ ਉਸ ਦਾ ਹੱਥ ਜ਼ਖਮੀ ਹੋ ਗਿਆ, ਇਸ ਦੇ ਬਾਵਜੂਦ ਉਸ ਨੇ ਮੋਬਾਈਲ ਅਤੇ ਬਦਮਾਸ਼ ਨੂੰ ਨਹੀਂ ਛੱਡਿਆ। ਇੰਨੇ ਵਿਚ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਲੁਟੇਰੇ ਨੂੰ ਫੜ ਕੇ ਪੁਲਿਸ ਨੂੰ ਸੌਂਪ ਦਿੱਤਾ।