Schools give ultimatum to submit : ਜਲੰਧਰ : ਸੀਬੀਐੱਸਈ ਐਫੀਲਿਏਟਿਡ ਨਿੱਜੀ ਸਕੂਲਾਂ ਨੇ ਫੀਸਾਂ ਜਮ੍ਹਾਂ ਨਾ ਕਰਵਾਉਣ ਵਾਲੇ ਮਾਪਿਆਂ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੇ 10 ਸਤੰਬਰ ਤੱਕ ਫੀਸਾਂ ਜਮ੍ਹਾ ਨਾ ਕਰਵਾਈਆਂ ਤਾਂ ਉਨ੍ਹਾਂ ਦੇ ਬੱਚਿਆਂ ਦਾ ਨਾਂ ਆਨਲਾਈਨ ਕਲਾਸਾਂ ‘ਚੋਂ ਕੱਟ ਦਿੱਤਾ ਜਾਵੇਗਾ। ਸੀਬੀਐੱਸਈ ਐਫਿਲੀਏਟਿਡ ਐਸੋਸੀਏਸ਼ਨ (ਕਾਸਾ) ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਸਕੂਲਾਂ ਦਾ ਕਹਿਣਾ ਹੈ ਕਿ ਫੀਸਾਂ ਨਾ ਮਿਲਣ ਕਾਰਨ ਸਟਾਫ ਮੈਂਬਰਾਂ ਦੀ ਤਨਖਾਹ ਦੇਣੀ ਅਤੇ ਹੋਰ ਖਰਚੇ ਕੱਢਣੇ ਮੁਸ਼ਕਲ ਹੋ ਰਹੇ ਹਨ। ਜਿਸ ਦੇ ਚੱਲਦਿਆਂ ਪੂਰੇ ਕਰ ਪਾਉਣੇ ਮੁਸ਼ਕਲ ਹੋ ਰਿਹਾ ਹੈ। ਇਸੇ ਦੇ ਮੱਦੇਨਜ਼ਰ ‘ਕਾਸਾ’ ਨੇ ਸਾਰੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਫੀਸ ਜਮ੍ਹਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਹੈ। ਜਿਹੜੇ ਮਾਪੇ ਫੀਸ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਬੱਚੇ ਦਾ ਨਾਂ ਆਨਲਾਈਨ ਕਲਾਸਾਂ ਵਿਚੋਂ ਕੱਟ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਪ੍ਰੀਖਿਆਵਾਂ ਵੀ ਨਹੀਂ ਲਈਆਂ ਜਾਣਗੀਆਂ।
ਇਸ ਦੌਰਾਨ ਕੋਈ ਵੀ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਕਿਉਂਕਿ ਜਿਹੜੇ ਮਾਪੇ ਸਹੀਂ ਅਰਥਾਂ’ਚ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹਨ, ਉਹ ਪਹਿਲਾਂ ਹੀ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਚੁੱਕੇ ਹਨ। ਮੀਟਿੰਗ ਦੌਰਾਨ ਮੈਂਬਰਾਂ ਨੇ ਕਿਹਾ ਕਿ ਸਾਰੇ ਸਕੂਲ ਹਾਈਕੋਰਟ ਦੀਆਂ ਹਿਦਾਇਤਾਂ ਮੁਤਾਬਕ ਇਹ ਫੀਸਾਂ ਵਸੂਲ ਕਰ ਰਹੇ ਹਨ ਤੇ ਮਾਪਿਆਂ ਨੂੰ ਵੀ ਇਸ ਦੇ ਚੱਲਦਿਆਂ ਫੀਸਾਂ ਜਮ੍ਹਾ ਕਰਵਾਉਣੀਆਂ ਚਾਹੀਦੀਆਂ ਹਨ। ਜੇਕਰ ਕੋਈ ਵਿਦਿਆਰਥੀ ਸਕੂਲ ਦੀ ਬਾਕੀ ਫੀਸ ਦਿੱਤੇ ਬਿਨਾਂ ਕਿਸੇ ਹੋਰ ਸਕੂਲ ’ਚ ਕਰਵਾਉਣਾ ਚਾਹੇਗਾ ਤਾਂ ਟੀਸੀ/ਐੱਨਓਸੀ ਦੇ ਬਿਨਾਂ ਕਿਸੇ ਵੀ ਸਕੂਲ ਵੱਲੋਂ ਉਨ੍ਹਾਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।
ਇਸ ਦੌਰਾਨ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ (ਪ੍ਰਧਾਨ) ਨੇ ਦੱਸਿਆ ਕਿ ‘ਕਾਸਾ’ ਵੱਲੋਂ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਬਲਿਕ ਨੋਟਿਸ ਜਾਰੀ ਕਰਕੇ ਸਾਰੇ ਮਾਪਿਆਂ ਨੂੰ 31 ਜੁਲਾਈ ਤੱਕ ਫੀਸ ਜਮ੍ਹਾਂ ਕਰਵਾਉਣ ਲਈ ਅਤੇ ਜਿਹੜੇ ਮਾਪੇ ਫੀਸ ਨਹੀਂ ਦੇ ਸਕਦੇ ਉਨ੍ਹਾਂ ਨੂੰ ਵੀ ਐਪਲੀਕੇਸ਼ਨ ਦੇਣ ਲਈ ਕਿਹਾ ਗਿਆ ਸੀ। ਇਸ ਦੌਰਾਨ ਬਹੁਤ ਸਾਰੇ ਮਾਪਿਆਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਪਰ ਕੁੱਝ ਮਾਪੇ ਅਜਿਹੇ ਵੀ ਹਨ ਜਿਨ੍ਹਾਂ ਨੇ ਹੁਣ ਤੱਕ ਨਾ ਤਾਂ ਐਪਲੀਕੇਸ਼ਨ ਜਮ੍ਹਾਂ ਕਰਵਾਈ ਨਾ ਹੀ ਫੀਸ ਦਿੱਤੀ। ਮੀਟਿੰਗ ਦੌਰਾਨ ਇਸ ਦੌਰਾਨ ਸੀਟੀ ਗਰੁੱਪ ਤੋਂ ਚਰਨਜੀਤ ਸਿੰਘ ਚੰਨੀ, ਇਨੋਸੈਂਟ ਹਾਰਟ ਤੋਂ ਡਾ. ਅਨੂਪ ਬੌਰੀ, ਲਾਰੈਂਸ ਸਕੂਲ ਤੋਂ ਜੋਧ ਰਾਜ ਗੁਪਤਾ, ਅਤੇ ਹੋਰ ਕਈ ਸਕੂਲਾਂ ਤੋਂ ਮੈਂਬਰਾਂ ਨੇ ਸ਼ਮੂਲੀਅਤ ਕੀਤੀ।