DEO passes away with Corona : ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਫਸਰ ਹਰਬੀਰ ਸਿੰਘ ਆਨੰਦ ਦੀ ਅੱਜ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਆਈ ਹੈ। ਉਹ 58 ਸਾਲਾਂ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਗਈ ਸੀ ਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ’ਤੇ ਉਨ੍ਹਾਂ ਨੂੰ ਆਕਸੀਜਨ ਦੇਣੀ ਪੀ। ਅੱਜ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਉਨ੍ਹਾਂ ਦੇ ਦਫ਼ਤਰ ਦੇ ਤਿੰਨ ਹੋਰ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।
ਉਥੇ ਹੀ ਜਦੋਂ ਹਰਬੀਰ ਸਿੰਘ ਆਨੰਦ ਦੇ ਦਿਹਾਂਤ ਦੀ ਖਬਰ ਅਧਿਆਪਕਾਂ ਵਿਚਾਲੇ ਪਹੁੰਚੀ ਤਾਂ ਟੀਚਰਸ-ਡੇ ’ਤੇ ਕੀਤੀਆਂ ਗਈਆਂ ਤਿਆਰੀਆਂ ਪੂਰੀ ਤਰ੍ਹਾਂ ਤੋਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਸਿੱਖਿਆ ਵਿਭਾਗ ਵੱਲੋਂ ਪਬਲਿਕ ਗੇਦਰਿੰਗ ਦੇ ਨਾਲ ਹੋਣ ਵਾਲੇ ਪ੍ਰੋਗਰਾਮਾਂ ’ਤੇ ਪਾਬੰਦੀ ਲਗਾਈ ਹੋਈ ਸੀ, ਪਰ ਫਿਰ ਵੀ ਸ਼ਹਿਰ ਦੇ ਕੁਝ ਸਕੂਲਾਂ ਨੇ ਆਨਲਾਈਨ ਜਾਂ ਆਫਲਾਈਨ ਪ੍ਰੋਗਰਾਮ ਕਰਨ ਦੀ ਤਿਆਰੀ ਕੀਤੀ ਹੋਈ ਸੀ, ਪਰ ਉਨ੍ਹਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਟੀਚਰਸ-ਡੇ ਦੀ ਸੈਲੀਬ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹਰਬੀਰ ਸਿੰਘ ਆਨੰਦ ਨੇ ਸਿੱਖਿਆ ਵਿਭਾਗ ਨੂੰ 30 ਸਾਲ ਤੱਕ ਸੇਵਾ ਦਿੱਤੀ ਹੈ, ਜਿਸ ਵਿੱਚ ਇਹ ਟੀਚਰ ਯੂਨੀਅਨ ਨਾਲ ਵੀ ਜੁੜ ਕੇ ਰਹੇ ਅਤੇ ਉਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਵਜੋਂ ਵੀ ਤਾਇਨਾਤ ਰਹੇ। ਪ੍ਰਿੰਸੀਪਲ ਤੋਂ ਪ੍ਰਮੋਟ ਹੋ ਕੇ ਉਹ ਡਿਪਟੀ ਡੀਈਓ-2 ਅਤੇ ਉਸ ਤੋਂ ਬਾਅਦ ਇਕ ਅਗਸਤ ਨੂੰ ਡੀਈਓ ਬਣੇ ਸਨ। ਹਰਬੀਰ ਆਨੰਦ ਨੇ 30 ਸਤੰਬਰ ਨੂੰ ਰਿਟਾਇਰਡ ਹੋਣਾ ਸੀ। ਆਪਣੇ ਪਿੱਛੇ ਉਹ ਆਪਣੀ ਪਤਨੀ, ਬੇਟਾ ਅਤੇ ਬੇਟੀ ਨੂੰ ਛੱਡ ਗਏ।