Corona screening and checking : ਜਲੰਧਰ : ਕੋਰੋਨਾ ਦੇ ਚੱਲਦਿਆਂ ਰੇਲਵੇ ’ਤੇ ਆਉਣ-ਜਾਣ ਵਾਲੇ ਮੁਸਾਫਰਾਂ ਦੀ ਸਕ੍ਰੀਨਿੰਗ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਘੰਟਿਆਂ ਲਾਈਨ ਵਿੱਚ ਲੱਗਣਾ ਪੈ ਰਿਹਾ ਹੈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਦੂਸਰੇ ਸ਼ਹਿਰ ਅਤੇ ਸੂਬੇ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਇੰਨੀ ਪ੍ਰੇਸ਼ਾਨੀ ਨਹੀਂ ਹੋ ਰਹੀ ਜਿੰਨੀ ਬਾਹਰੋਂ ਆਉਣ ਵਾਲਿਆਂ ਨੂੰ ਹੋ ਰਹੀ ਹੈ। ਬਾਹਰੋਂ ਆਉਣ ਵਾਲੇ ਮੁਸਾਫਰਾਂ ਨੂੰ ਘੰਟਿਆਂ ਤੱਕ ਲਾਈਨ ਵਿੱਚ ਲੱਗ ਕੇ ਸਕ੍ਰੀਨਿੰਗ ਕਰਵਾਉਣੀ ਪੈਂਦੀ ਹੈ ਅਤੇ ਫਿਰ ਫਾਰਮ ਭਰਵਾ ਕੇ ਸਟੇਸ਼ਨ ਤੋਂ ਬਾਹਰ ਭੇਜਿਆ ਜਾਂਦਾ ਹੈ।
ਇਕ ਯਾਤਰੀ ਨੂੰ ਚੈਕਿੰਗ ਵਿੱਚ 15 ਤੋਂ 20 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਜੇਕਰ ਇਕ ਟ੍ਰੇਨ ਵਿੱਚ 250 ਦੇ ਕਰੀਬ ਯਾਤਰੀ ਆਉਂਦੇ ਹਨ ਤਾਂ ਸਾਰਿਆਂ ਨੂੰ ਚੈੱਕ ਕਰਨ ਵਿੱਚ ਕਾਫੀ ਸਮਾਂ ਜਾਂਦਾ ਹੈ। ਇਸ ਦੌਰਾਨ ਦੂਸਰੀ ਟ੍ਰੇਨ ਆ ਜਾਂਦੀ ਹੈ ਅਤੇ ਭੀੜ ਲੱਗ ਜਾਂਦੀ ਹੈ। ਸਿਟੀ ਸਟੇਸ਼ਨ ਤੋਂ ਰੋਜ਼ਾਨਾ 7 ਟ੍ਰੇਨਾਂ ਰਵਾਨਾ ਹੋ ਰਹੀਆਂ ਹਨ। ਲਗਭਗ 2 ਹਜ਼ਾਰ ਦੇ ਕਰੀਬ ਯਾਤਰੀ ਅਪ-ਡਾਊਨ ਕਰਦੇ ਹਨ।
ਦਿੱਲੀ ਤੋਂ ਜਲੰਧਰ ਆਏ ਮੋਹਨ ਨੇ ਦੱਸਿਆ ਕਿ 2 ਹਫਤੇ ਬਾਅਦ ਦਿੱਲੀ ਜਾਂਦੇ ਹਨ। ਜਾਂਦੇ ਸਮੇਂ 5 ਮਿੰਟ ਦਾ ਸਮਾਂ ਵੀ ਨਹੀਂ ਲੱਗਦਾ ਹੈ, ਪਰ ਵਾਪਸੀ ਵੇਲੇ ਕਈ ਵਾਰ 1 ਘੰਟੇ ਤੱਕ ਲਾਈਨ ਵਿੱਚ ਲੱਗਣਾ ਪੈਂਦਾ ਹੈ। ਦੇਸ਼ ਪਹਿਲਾਂ ਹੀ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਉਪਰੋਂ ਸਟੇਸ਼ਨ ’ਤੇ ਚੈਕਿੰਗ ਦੇ ਨਾਂ ’ਤੇ ਲੱਗ ਰਹੀ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ। ਯਾਤਰੀ ਸੁਮੇਸ਼ ਸ਼ਰਮਾ ਨੇ ਦੱਸਿਆ ਕਿ ਮੁੰਬਈ 2 ਤੋਂ 3 ਵਾਰ ਜਾ ਕੇ ਆਏਹਨ। ਇਥੋਂ ਜਾਂਦੇ ਸਮੇਂ ਵੀ ਚੈਕਿੰਗ ਹੁੰਦੀ ਹੈ ਅਤੇ ਉਥੋਂ ਆਉਂਦੇ ਹੋਏ ਵੀ। ਰੇਲਵੇ ਨੂੰ ਚਾਹੀਦਾ ਹੈ ਕਿ ਜਾਣ ਵਾਲੇ ਮੁਸਾਫਰਾਂ ਦੀ ਚੈਕਿੰਗ ਜ਼ਰੂਰ ਕਰੇ, ਪਰ ਆਉਣ ਵਾਲੇ ਮੁਸਾਫਰਾਂ ਤੋਂ ਸਕ੍ਰੀਨਿੰਗ ਵਾਲੀ ਪਰਚੀ ਹੀ ਚੈੱਕ ਕਰਨ। ਚੈਕਿੰਗ ਦੇ ਨਾਂ ’ਤੇ ਯਾਤਰੀਆਂ ਨੂੰ ਘੰਟਿਆਂ ਤੱਕ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਸ ਨੂੰ ਰੇਲਵੇ ਦੂਰ ਕਰਨਾ ਚਾਹੇ ਤਾਂ ਆਰਾਮ ਨਾਲ ਕਰ ਸਕਦਾ ਹੈ। ਡਾਕਟਰਾਂ ਦੀਆਂ ਟੀਮਾਂ ਨੂੰ ਵਧਾ ਕੇ ਅਤੇ ਗੇਟ ’ਤੇ ਚੈਕਿੰਗ ਸਟਾਫ ਦੀ ਗਿਣਤੀ ਵਧਾ ਕੇ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ।