Four accomplices of five Pakistani infiltrators : ਤਰਨਤਾਰਨ : ਭਾਰਤ-ਪਾਕਿ ਸਰਹੱਦ ’ਤੇ ਬੀਤੀ 22 ਅਗਸਤ ਨੂੰ ਬੀਐੱਸਐੱਫ ਵੱਲੋਂ ਮਾਰੇ ਗਏ ਪੰਜ ਪਾਕਿ ਘੁਸਪੈਠੀਆਂ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਘੁਸਪੈਠੀਆਂ ਦੇ ਤਾਰ ਅੱਤਵਾਦੀਆਂ ਦੇ ਨਾਲ-ਨਾਲ ਤਰਨਤਾਰਨ ਦੇ ਨਸ਼ਾ ਸਮੱਗਲਰਾਂ ਨਾਲ ਜੁੜੇ ਸਨ। ਇਸ ਮਾਮਲੇ ਵਿੱਚ ਚਾਰ ਹੋਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਘੁਸਪੈਠ ਦੇ ਇਸ ਮਾਮਲੇ ਵਿੱਚ ਕੁਝ ਹੋਰ ਅਹਿਮ ਸੁਰਾਗ ਹੱਥ ਲੱਗ ਸਕਦੇ ਹਨ। ਖੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਘੁਸਪੈਠੀਆਂ ਦੀ ਪੰਜਾਬ ਅਤੇ ਭਾਰਤ ਵਿੱਚ ਵੱਡੀ ਤਬਾਹੀ ਮਚਾਉਣ ਦੀ ਸਾਜ਼ਿਸ਼ ਸੀ।
ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਵਿੱਚ ਤਰਨਤਾਰਨ ਦੇ ਪਿੰਡ ਡਲ ਦੇ ਗੁਰਬੀਰ ਸਿੰਘ ਗੋਰਾ, ਗੁਰਬਖਸ਼ ਸਿੰਘ ਜੱਸਾ ਅਤੇ ਪਿੰਡ ਧੂਦਾ ਦੇ ਜੋਧਵੀਰ ਸਿੰਘ ਜੋਧਾ ਤੇ ਗੁਰਪ੍ਰੀਤ ਸਿੰਘ ਗੋਪੀ ਸ਼ਾਮਲ ਹਨ। ਚਾਰਾਂ ਦੇ ਕਬਜ਼ੇ ਤੋਂ ਪੁਲਿਸ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਮਿਲੇ ਹਨ। ਉਨ੍ਹਾਂ ਤੋਂ ਕੀ-ਕੀ ਬਰਾਮਦ ਹੋਇਆ ਹੈ, ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਮੁਤਾਬਕ ਇਨ੍ਹਾਂ ਚਾਰਾਂ ਦਾ ਸੰਬੰਧਤ ਪਾਕਿ ਵਿੱਚ ਬੈਠੇ ਅੱਤਵਾਦੀਆਂ ਅਤੇ ਦੇਸ਼ ਵਿੱਚ ਸਰਗਰਮ ਸਮੱਗਲਰਾਂ ਦੇ ਨਾਲ ਹੈ। ਇਨ੍ਹਾਂ ਚਾਰਾਂ ਨੇ ਕਈ ਵਾਰ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਈ ਸੀ। ਇਨ੍ਹਾਂ ਚਾਰਾਂ ਨੇ 20 ਅਗਸਤ ਨੂੰ ਪਾਕਿ ਵਿੱਚ ਬੈਠੇ ਅੱਤਵਾਦੀਆਂ ਦੇ ਨਾਲ ਗੱਲਬਾਤ ਕਰਕੇ ਸੂਬੇ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਭਰੋਸਾ ਦਿੱਤਾ ਸੀ। ਇਸ ਭਰੋਸੇ ਦੇ ਦੋ ਦਿਨ ਬਾਅਦ ਹੀ ਪੰਜ ਪਾਕਿ ਘੁਸਪੈਠੀਏ ਮਾਰੇ ਗਏ ਸਨ।
ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਚਾਰੇ ਸਮੱਗਲਰਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਾ ਸੰਬੰਧ ਪਾਕਿ ਤੋਂ ਹੋਈ ਘੁਸਪੈਠ ਦੇ ਮਾਮਲੇ ਨਾਲ ਹੈ। ਇਨ੍ਹਾਂ ਚਾਰਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਰਿਮਾਂਡ ’ਤੇ ਲੈ ਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਏਗੀ। ਦੱਸਣਯੋਗ ਹੈਕਿ ਅਮਰਕੋਟ ਸੈਕਟਰ ਦੀ ਪੋਸਟ ਡੱਲ ’ਤੇ ਤਾਇਨਾਤ ਬੀਐੱਸਐੱਫ ਦੀ 103 ਬਟਾਲੀਅਨ ਦੇ ਜਵਾਨਾਂ ਨੇ 22 ਅਗਸਤ ਦੀ ਸਵੇਰ ਲਗਭਗ ਸਾਢੇ ਚਾਰ ਵਜੇ ਪਾਕਿ ਵੱਲੋਂ ਭਾਰਤੀ ਸਰਹੱਦ ਵਿੱਚ ਦਾਖਿਲ ਹੋਏ ਪੰਜ ਘੁਸਪੈਠੀਆਂ ਨੂੰ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਨੇ ਬੀਐੱਸਐੱਫ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਵਾਬੀ ਕਾਰਵਾਈ ਵਿੱਚ ਬੀਐੱਸਐੱਫ ਨੇ ਪੰਜਾਂ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ ਸੀ।