Isolate will distribute free food : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਵਿਡ ਲਈ ਟੈਸਟਿੰਗ ਨੂੰ ਉਤਸ਼ਾਹਤ ਕਰਨ ਲਈ ਸ਼ਨੀਵਾਰ ਨੂੰ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਫਤ ਖਾਣੇ ਦੇ ਪੈਕੇਟ ਵੰਡਣ ਦੀ ਘੋਸ਼ਣਾ ਕੀਤੀ ਜੋ ਘਰ ਵਿੱਚ ਆਈਸੋਲੇਟ ਹੋਣ ਦੇ ਡਰੋਂ ਆਪਣੀ ਕਮਾਈ ਪ੍ਰਭਾਵਿਤ ਹੋਣ ਦੇ ਚੱਲਦਿਆਂ ਕੋਰੋਨਾ ਟੈਸਟ ਨਹੀਂ ਕਰਵਾਉਣਾ ਚਾਹੁੰਦੇ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਹੋਵੇਗੀ, ਜੋ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿਚੋਂ ਇਕ ਹੈ ਜੋ ਵੱਡੇ ਪੱਧਰ ‘ਤੇ ਝੂਠੇ ਪ੍ਰਚਾਰ ਨਾਲ ਪ੍ਰਭਾਵਤ ਹੈ। ਮੁੱਖ ਮੰਤਰੀ ਨੇ ਹੋਰਨਾਂ ਜ਼ਿਲ੍ਹਿਆਂ ਨੂੰ ਹਦਾਇਤ ਕੀਤੀ ਕਿ ਉਹ ਗਰੀਬ ਕੋਵਿਡ ਮਰੀਜ਼ਾਂ ਨੂੰ ਘਰਾਂ ਵਿੱਚ ਆਈਸੋਲੇਟ ਹੋਣ ’ਤੇ ਮੁਫਤ ਖਾਣੇ ਦੇ ਪੈਕੇਟ ਵੰਡਣ ਲਈ ਅਜਿਹੇ ਪ੍ਰਬੰਧ ਕਰਨ ਤਾਂ ਜੋ ਉਹ ਟੈਸਟ ਲਈ ਬਾਹਰ ਆਉਣ ਲਈ ਪ੍ਰੇਰਿਤ ਹੋਣ ਅਤੇ ਆਈਸੋਲੇਸ਼ਨ ਹੋਣ ਸਮੇਂ ਆਪਣੀ ਕਮਾਈ ਗੁਆਉਣ ਦੇ ਡਰ ਵਿੱਚ ਨਾ ਜੀਊਣ। ਮੁੱਖ ਮੰਤਰੀ ਨੇ ਕਿਹਾ ਕਿ ਮੁਫਤ ਫੂਡ ਪੈਕੇਟਾਂ ਦੀ ਵੰਡ ਗਰੀਬ ਪਰਿਵਾਰਾਂ ਨੂੰ ਜਲਦੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ, ਜੋ ਕਿ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਅਤੇ ਪੰਜਾਬ ਵਿਚ ਵੱਧ ਰਹੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਲਾਜ਼ਮੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀਆਂ (ਡੀ.ਸੀ.ਸੀ.) ਅਤੇ ਸਥਾਨਕ ਵਿਧਾਇਕ ਜ਼ਿਲਾ ਪ੍ਰਸ਼ਾਸਨ ਨੂੰ ਇਨ੍ਹਾਂ ਪੈਕੇਟ ਦੀ ਵੰਡ ਵਿਚ ਸਹਾਇਤਾ ਕਰਨਗੇ। ਲੋਕਾਂ ਵੱਲੋਂ ਹਸਪਤਾਲਾਂ ਵਿੱਚ ਭਰਤੀ ਹੋਣ ਤੋਂ ਡਰਨ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਡਰ ਦਾ ਮੁਕਾਬਲਾ ਕਰਨ ਲਈ ਘਰਾਂ ਵਿੱਚ ਆਈਸੋਲੇਟ ਕਰਨ ਲਈ ਉਤਸ਼ਾਹਤ ਕਰ ਰਹੀ ਹੈ ਅਤੇ ਉਨ੍ਹਾਂ ਨੇ ਆਪਣੀ ਆਈਸੋਲੇਸ਼ਨ ਨਾਲ ਜੁੜੇ ਕਲੰਕ ਨੂੰ ਖਤਮ ਕਰਨ ਲਈ ਮਰੀਜ਼ਾਂ ਦੇ ਘਰਾਂ ਤੋਂ ਪੋਸਟਰ / ਸਟਿੱਕਰ ਹਟਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਨੇ ਮੰਤਰੀਆਂ ਨੂੰ ਉਨ੍ਹਾਂ ਦੁਆਰਾ ਦਰਸਾਏ ਜ਼ਿਲ੍ਹਿਆਂ ਦੇ ਹਸਪਤਾਲਾਂ ਦਾ ਦੌਰਾ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਮਹਾਂਮਾਰੀ ਨਾਲ ਲੜਨ ਲਈ ਵਧੇਰੇ ਸਰਗਰਮ ਹੋਣ ਲਈ ਉਤਸ਼ਾਹਤ ਕਰਨ।