Chhatbir Zoo will open : ਚੰਡੀਗੜ੍ਹ : ਜ਼ੀਰਕਪੁਰ ਦਾ ਛਤਬੀੜ ਜ਼ੂ ਅਕਤੂਬਰ ਵਿੱਚ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਕੋਰੋਨਾ ਦੀ ਇਨਫੈਕਸ਼ਨ ਤੋਂ ਬਚਾਉਣ ਲਈ ਸਾਰੀਆਂ ਸਹੂਲਤਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ, ਤਾਂਜੋ ਘਰ ਬੈਠੇ ਸੈਲਾਨੀ ਪਹਿਲਾਂ ਹੀ ਬੁਕਿੰਗ ਕਰ ਸਕਣ। ਦੱਸਣਯੋਗ ਹੈ ਕਿ ਅਜੇ ਤੱਕ ਐਂਟਰੀ ਟਿਕਟ ਹੀ ਆਨਲਾਈਨ ਬੁੱਕ ਕੀਤਾ ਜਾ ਰਿਹਾ ਸੀ। ਛੱਤਬੀੜ ਦੀ ਐਂਟਰੀ, ਪਾਰਕਿੰਗ, ਬੈਟਰੀ ਆਪਰੇਟੇਡ ਵ੍ਹੀਕਲ, ਸ਼ੇਰ ਸਫਾਰੀ, ਸਾਈਕਿਲ, ਵੀਡੀਓ ਕੈਮਰਾ, ਸਟਿਲ ਕੈਮਰਾ ਦੀ ਬੁਕਿੰਗ ਵੀ ਹੁਣ ਆਨਲਾਈਨ ਹੋਵੇਗੀ।
ਇਸ ਤੋਂ ਇਲਾਵਾ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਬੁਕਿੰਗ ਵੀ ਕੀਤੀ ਜਾ ਸਕਦੀ ਹੈ. ਜਿਸ ਕੈਂਟੀਨ ਵਿੱਚ ਖਾਣੇ ਦੇ ਸਾਮਾਨ ਦੀ ਆਨਲਾਈਨ ਬੁਕਿੰਗ ਹੋਵੇਗੀ, ਉਥੇ ਜਾ ਕੇ ਸੈਲਾਨੀਆਂ ਨੂੰ ਬੁਕਿੰਗ ਨੰਬਰ ਦੱਸਣਾ ਹੋਵੇਗਾ, ਉਸ ਤੋਂ ਬਾਅਦ ਉਨ੍ਹਾਂ ਨੂੰ ਖਾਣ-ਪੀਣ ਦਾ ਸਾਮਾਨ ਮਿਲ ਜਾਏਗੀ। ਛੱਤਬੀੜ ਦੇ ਡਾਇਰੈਕਰਟ ਐੱਮ ਸੁਧਾਗਰ ਨੇ ਦੱਸਿਆ ਕਿ ਛੱਤਬੀੜ ਵਿੱਚ ਸੈਰ-ਸਪਾਟੇ ਲਈ ਲੋਕ ਦੇਸ਼-ਵਿਦੇਸ਼ ਤੋਂ ਆਉਂਦੇ ਹਨ। ਇਸੇ ਲਈ ਆਨਲਾਈਨ ਬੁਕਿੰਗ ਦਾ ਬਦਲ ਬਿਹਤਰ ਸਾਬਿਤ ਹੋਵੇਗਾ। ਉਮੀਦ ਹੈ ਕਿ ਛਤਬੀੜ ਜ਼ੂ ਖੁੱਲ੍ਹਣ ਤੋਂ ਬਾਅਦ ਆਨਲਾਈਨ ਬੁਕਿੰਗ ਪ੍ਰਕਿਰਿਆ ਦੇ ਬਿਹਤਰ ਨਤੀਜੇ ਸਾਹਮਣੇ ਆਉਣਗੇ।
ਦੱਸਣਯੋਗ ਹੈ ਕਿ ਜ਼ੂ ਦੇ ਬਾਹਰ ਤਿਆਰ ਫੂਡ ਪਲਾਜ਼ਾ ਵੀ ਸੈਰ-ਸਪਾਟਾ ਵਿਭਾਗ ਨੇ ਜ਼ੂ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ। ਸ਼ਾਮ ਛੇ ਵਜੇ ਜ਼ੂ ਬੰਦ ਹੋ ਜਾਣ ਤੋਂ ਬਾਅਦ ਵੀ ਇਥੇ ਰਾਤ 10 ਵਜੇ ਤੱਕ ਸੈਲਾਨੀ ਖਾਣ-ਪੀਣ ਦਾ ਆਨੰਦ ਮਾਣ ਸਕਦੇ ਹਨ। ਇਸ ਵਿੱਚ ਚਾਰ ਕਾਊਂਟਰ ਬਣਾਏ ਗਏ ਹਨ। ਫੂਡ ਪਲਾਜ਼ਾ ਦੀ ਛੱਤ ’ਤੇ ਸੀਮੈਂਟ ਦੀਆਂ ਕੁਰਸੀਆਂ ਬਣਾਈਆਂ ਗਈਆਂ ਹਨ, ਤਾਂਜੋ ਖੁੱਲ੍ਹੇ ਵਿੱਚ ਅਸਮਾਨ ਹੇਠਾਂ ਹਰਿਆਲੀ ਵਿਚਾਲੇ ਖਾਣੇ ਦਾ ਆਨੰਦ ਮਾਣਿਆ ਜਾ ਸਕੇ। ਵਾਪਿਸ ਪਰਤਦੇ ਸਮੇਂ ਸਾਫ-ਸੁਥਰੀ ਹਵਾ ਅਤੇ ਹਰਿਆਲੀ ਦਰਮਿਆਨ ਚਾਹ, ਕੌਫੀ ਦੇ ਨਾਲ ਲਜ਼ੀਜ਼ ਪਕਵਾਨਾਂ ਦਾ ਸੁਆਦ ਵੀ ਮਾਣਿਆ ਜਾ ਸਕਦਾ ਹੈ। ਜੰਗਲਾਤ ਵਿਭਾਗ ਵੱਲੋਂ ਫੂਡ ਪਲਾਜ਼ਾ ਦੇ ਆਲੇ-ਦੁਆਲੇ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਕੀਤਾ ਜਾਏਗਾ, ਤਾਂਕਿ ਦੇਰ ਰਾਤ ਤੱਕ ਰੁਕਣ ਵਿੱਚ ਸੈਲਾਨੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।