Russia Covid 19 vaccine: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਤਬਾਹੀ ਮਚਾ ਰਹੀ ਹੈ। ਇਸੇ ਤਬਾਹੀ ਦੇ ਵਿਚਕਾਰ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਅਚਾਨਕ ਘੋਸ਼ਣਾ ਕੀਤੀ ਕਿ ਰੂਸ ਨੇ ਕੋਰੋਨਾ ‘ਤੇ ਵੈਕਸੀਨ ਬਣਾ ਲਈ ਹੈ। ਇਸ ਤੋਂ ਬਾਅਦ ਪੂਰੀ ਦੁਨੀਆ ਦੇ ਮਾਹਰ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਹੁਣ ਫਿਰ ਰੂਸ ਨੇ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਇਸ ਹਫਤੇ ਇਹ ਵੈਕਸੀਨ ਆਮ ਲੋਕਾਂ ਲਈ ਉਪਲਬਧ ਹੋਵੇਗੀ।
ਦਰਅਸਲ, ਇਸ ਸਬੰਧੀ ਰੂਸ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਇਸ ਹਫਤੇ ਤੋਂ ਕੋਰੋਨਾ ਵਾਇਰਸ ਵੈਕਸੀਨ ‘ਸਪੂਤਨਿਕ ਵੀ’ ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤੀ ਜਾਵੇਗੀ। ਇਸ ਵੈਕਸੀਨ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ।
ਰੂਸੀ ਨਿਊਜ਼ ਏਜੰਸੀ ਅਨੁਸਾਰ ਰੂਸ ਦੇ ਸਿਹਤ ਮੰਤਰਾਲੇ ਦੀ ਆਗਿਆ ਤੋਂ ਬਾਅਦ ਹੀ ਸਪੂਤਨਿਕ ਵੀ ਵੈਕਸੀਨ ਨੂੰ ਵਿਆਪਕ ਵਰਤੋਂ ਲਈ ਜਾਰੀ ਕੀਤਾ ਜਾਵੇਗਾ। ਸਿਹਤ ਮੰਤਰਾਲਾ ਇਸ ਵੈਕਸੀਨ ਦਾ ਟੈਸਟ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਸਾਨੂੰ ਜਲਦੀ ਹੀ ਇਸ ਦੀ ਇਜਾਜ਼ਤ ਮਿਲ ਜਾਵੇਗੀ।
ਰਿਪੋਰਟ ਅਨੁਸਾਰ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਲਈ ਇੱਕ ਨਿਸ਼ਚਤ ਪ੍ਰਕਿਰਿਆ ਹੈ। ਉਨ੍ਹਾਂ ਦੱਸਿਆ ਕਿ 10 ਤੋਂ 13 ਸਤੰਬਰ ਦੇ ਵਿਚਾਲੇ ਨਾਗਰਿਕ ਵਰਤੋਂ ਲਈ ਵੈਕਸੀਨ ਦੇ ਬੈਚ ਦੀ ਮਨਜ਼ੂਰੀ ਲਈ ਜਾਣੀ ਹੈ। ਇਸ ਤੋਂ ਬਾਅਦ ਇਹ ਵੈਕਸੀਨ ਲੋਕਾਂ ਨੂੰ ਲਗਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਇਸ ਵੈਕਸੀਨ ਨੂੰ ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਨੇ ਰੂਸ ਦੇ ਰੱਖਿਆ ਮੰਤਰਾਲੇ ਨਾਲ ਮਿਲ ਕੇ ਐਡੀਨੋਵਾਇਰਸ ਦੇ ਅਧਾਰ ਵਜੋਂ ਤਿਆਰ ਕੀਤਾ ਹੈ। ਇਸ ਵੈਕਸੀਨ ਦੇ ਦੋ ਟ੍ਰਾਇਲ ਇਸ ਸਾਲ ਜੂਨ-ਜੁਲਾਈ ਵਿੱਚ ਕਰਵਾਏ ਗਏ ਸਨ ਅਤੇ ਇਸ ਵਿੱਚ 76 ਪ੍ਰਤੀਭਾਗੀ ਸ਼ਾਮਿਲ ਹੋਏ ਸਨ। ਨਤੀਜਿਆਂ ਵਿੱਚ 100 ਪ੍ਰਤੀਸ਼ਤ ਐਂਟੀਬਾਡੀ ਵਿਕਸਤ ਹੋਈ ਸੀ।