Corona Virus Winter: Lockdown ਖ਼ਤਮ ਹੋਣ ਤੋਂ ਬਾਅਦ ਭਾਵੇਂ ਸਰਕਾਰ ਦੇ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਵਿਗਿਆਨੀ ਕੋਰੋਨਾ ਦੀ ਵੈਕਸੀਨ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਨਤੀਜ਼ੇ ਆਉਣ ‘ਚ ਕੁਝ ਸਮਾਂ ਲੱਗ ਸਕਦਾ ਹੈ। ਹਾਲਾਂਕਿ ਉਦੋਂ ਤੱਕ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਦਵਾਈਆਂ ਨਾਲ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਗਿਆਨੀਆਂ ਨੇ ਕੋਰੋਨਾ ਬਾਰੇ ਇਕ ਨਵੀਂ ਧਾਰਨਾ ਜ਼ਾਹਰ ਕੀਤੀ ਹੈ ਕਿ ਸਰਦੀਆਂ ਵਿਚ ਇਸ ਦੇ ਕੇਸ ਹੋਰ ਵਧ ਸਕਦੇ ਹਨ।
ਦਸੰਬਰ ਤੱਕ 4 ਲੱਖ ਤੱਕ ਪਹੁੰਚ ਸਕਦਾ ਹੈ ਅੰਕੜਾ: ਜੀ ਹਾਂ, ਅਮਰੀਕਾ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਸਰਦੀਆਂ ਵਿੱਚ ਕੋਰੋਨਾ ਦੇ ਮਾਮਲੇ ਦੁੱਗਣੇ ਹੋ ਸਕਦੇ ਹਨ। ਇੰਨਾ ਹੀ ਨਹੀਂ ਦਸੰਬਰ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਣ ਦੀ ਉਮੀਦ ਹੈ। ਰਿਪੋਰਟ ਦੇ ਅਨੁਸਾਰ ਸਰਦੀਆਂ ਵਿੱਚ ਅਮਰੀਕਾ ‘ਚ ਹਰ ਰੋਜ਼ 3 ਹਜ਼ਾਰ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਅਮਰੀਕਾ ਵਿਚ ਸਾਲ ਦੇ ਅੰਤ ਤੱਕ ਮਰਨ ਵਾਲਿਆਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਸਕਦੀ ਹੈ।
ਭਾਰਤ ਵਿਚ ਵੀ ਕੋਰੋਨਾ ਫੈਲਣ ਦੀ ਸੰਭਾਵਨਾ: ਜੇ ਦੇਖਿਆ ਜਾਵੇ ਤਾਂ ਦਸੰਬਰ ਆਉਣ ‘ਚ ਅਜੇ ਸਿਰਫ 3 ਮਹੀਨੇ ਹੀ ਬਾਕੀ ਹਨ ਅਤੇ ਇਸ ਅਨੁਮਾਨ ਅਨੁਸਾਰ ਇਹ ਅੰਕੜਾ ਬਹੁਤ ਡਰਾਉਣ ਵਾਲਾ ਹੈ। ਇਸ ਵੇਲੇ ਅਮਰੀਕਾ ਵਿੱਚ ਲਗਭਗ 850 ਲੋਕ ਹਰ ਰੋਜ਼ ਆਪਣੀ ਜਾਨ ਗੁਆ ਰਹੇ ਹਨ। ਦੱਸ ਦਈਏ ਕਿ ਫ਼ਿਲਹਾਲ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਹਨ। ਭਾਰਤ ਦੀ ਗੱਲ ਕਰੀਏ ਤਾਂ ਇਹ ਕੋਰੋਨਾ ਦੇ ਮਾਮਲੇ ਵਿਚ ਤੀਜੇ ਨੰਬਰ ‘ਤੇ ਹੈ ਪਰ ਜੇ ਹਾਲਾਤ ਨੂੰ ਜਲਦੀ ਨਾ ਸੰਭਾਲਿਆ ਗਿਆ ਤਾਂ ਭਾਰਤ ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ’ ਤੇ ਆ ਜਾਵੇਗਾ। ਦਰਅਸਲ ਸਰਦੀਆਂ ‘ਚ ਫਲੂ, ਮੌਸਮ ਵਿੱਚ ਬਦਲਾਅ ਕਾਰਨ ਕੋਰੋਨਾ ਦੇ ਮਾਮਲੇ ਵੀ ਵੱਧ ਸਕਦੇ ਹਨ। ਅਜਿਹੇ ‘ਚ ਜਦੋਂ ਤੱਕ ਵੈਕਸੀਨ ਤਿਆਰ ਨਹੀਂ ਹੁੰਦੀ ਨਿਯਮਾਂ ਦੀ ਪਾਲਣਾ ਕਰਨਾ ਇੱਕੋ-ਇੱਕ ਹੱਲ ਹੈ।
ਕਿਵੇਂ ਠੀਕ ਹੋ ਸਕਦੀ ਹੈ ਸਥਿਤੀ: ਖ਼ਬਰਾਂ ਅਨੁਸਾਰ ਕੋਰੋਨਾ ਦੇ ਕੇਸਾਂ ਨੂੰ 30% ਘੱਟ ਕੀਤਾ ਜਾ ਸਕਦਾ ਹੈ ਪਰ ਲੋਕ ਸੋਸ਼ਲ ਡਿਸਟੈਂਸਿੰਗ, ਮਾਸਕ, ਸਫਾਈ ਵਰਗੇ ਜ਼ਰੂਰੀ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਅਮਰੀਕਾ ਵਿਚ ਤਾਂ ਇਕ ਵੱਡਾ ਗਰੁੱਪ ਮਾਸਕ ਪਹਿਨਣ ਨੂੰ ਲੈ ਕੇ ਵਿਰੋਧ ਵੀ ਕਰ ਰਿਹਾ ਹੈ। ਉੱਥੇ ਹੀ ਭਾਰਤ ਬਾਰੇ ਗੱਲ ਕਰੀਏ ਤਾਂ ਇੱਥੇ ਵੀ ਲੋਕਾਂ ‘ਚ ਕੋਰੋਨਾ ਸੇਫਟੀ ਨੂੰ ਲੈ ਕੇ ਕੋਈ ਖ਼ਾਸ ਗੰਭੀਰਤਾ ਨਹੀਂ ਦਿਖਾਈ ਦੇ ਰਹੀ।
ਕੋਰੋਨਾ ਦੀ ਦੂਜੀ ਲਹਿਰ ਜ਼ਿਆਦਾ ਖਤਰਨਾਕ: ਵਿਗਿਆਨੀ ਕਹਿੰਦੇ ਹਨ ਕਿ ਜੇ ਕੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ਵਿੱਚ ਫੈਲ ਜਾਂਦੀ ਹੈ ਤਾਂ ਵੈਕਸੀਨ ‘ਤੇ ਕੀਤੀਆਂ ਜਾ ਰਹੀਆਂ ਸਾਰੀਆਂ ਕੋਸ਼ਿਸ਼ਾਂ ਖ਼ਰਾਬ ਹੋ ਜਾਣਗੀਆਂ। ਇਹ ਸਥਿਤੀ ਕਾਫ਼ੀ ਭਿਆਨਕ ਹੋ ਸਕਦੀ ਹੈ ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਜਦੋਂ ਤੱਕ ਜ਼ਿਆਦਾਤਰ ਆਬਾਦੀ ਦੀ ਇਮਿਊਨਿਟੀ ਕੋਰੋਨਾ ਨਾਲ ਲੜਨ ਦੇ ਯੋਗ ਨਹੀਂ ਹੁੰਦੀ ਉਦੋਂ ਤੱਕ ਇਸਦਾ ਖ਼ਤਰਾ ਬਣਿਆ ਰਹੇਗਾ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਬਣ ਜਾਂਦੀ ਹੈ ਤਾਂ ਕੋਰੋਨਾ 5 ਸਾਲਾਂ ਤੋਂ ਵੱਧ ਸਮੇਂ ਲਈ ਗਾਇਬ ਹੋ ਸਕਦਾ ਹੈ। ਨਹੀਂ ਤਾਂ ਵੈਕਸੀਨ ਤੋਂ ਬਾਅਦ ਹਰ ਮਹੀਨੇ ਕੇਸ ਸਾਹਮਣੇ ਆ ਸਕਦੇ ਹਨ ਕਿਉਂਕਿ ਵਾਇਰਸ ਦੇ ਵਿਰੁੱਧ ਸੁਰੱਖਿਆ ਬਣਾਉਣ ਵਿਚ ਕਈ ਸਾਲ ਲੱਗ ਸਕਦੇ ਹਨ।