India China border Clash: ਲੱਦਾਖ: ਜੰਮੂ-ਕਸ਼ਮੀਰ ਦੇ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ। ਸੋਮਵਾਰ ਦੇਰ ਰਾਤ ਪੈਨਗੋਂਗ ਤਸੋ ਝੀਲ ‘ਤੇ ਅਸਲ ਕੰਟਰੋਲ ਰੇਖਾ (LAC) ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਹੈ। ਚੀਨ ਦੀ ਸਰਕਾਰੀ ਮੀਡੀਆ ਨੇ ਭਾਰਤੀ ਫੌਜ ‘ਤੇ ਪੈਂਗੋਂਗ ਤਸੋ ਦੇ ਦੱਖਣੀ ਪਾਸੇ ਫਾਇਰਿੰਗ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਫੌਜ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਭਾਰਤੀ ਖੇਤਰ ਵਿੱਚ ਪਹਿਲਾਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ। ਫਿਲਹਾਲ ਸਥਿਤੀ ਕੰਟਰੋਲ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ 1975 ਤੋਂ ਬਾਅਦ ਸਰਹੱਦ ‘ਤੇ ਭਾਰਤ ਅਤੇ ਚੀਨ ਦੀ ਵਿਚਕਾਰ ਇਸ ਤਰ੍ਹਾਂ ਗੋਲੀਬਾਰੀ ਹੋਈ ਹੈ।
ਇਸ ਸਬੰਧੀ ਚੀਨੀ ਰੱਖਿਆ ਮੰਤਰਾਲੇ, ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੱਛਮੀ ਥੀਏਟਰ ਕਮਾਨ ਦੇ ਬੁਲਾਰੇ ਕਰਨਲ ਝਾਂਗ ਸ਼ੁਈਲੀ ਵੱਲੋਂ LAC ‘ਤੇ ਤਾਜ਼ਾ ਹਾਲਾਤ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਭਾਰਤੀ ਫੌਜ ਵੱਲੋਂ ਕਥਿਤ ‘ਉਕਸਾਵੇ’ ਦੀ ਕਾਰਵਾਈ ਕੀਤੀ ਗਈ, ਜਿਸ ਕਾਰਨ ਚੀਨੀ ਫੌਜਾਂ ਵਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਚੀਨੀ ਮੀਡੀਆ ਦੇ ਬੁਲਾਰੇ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਚੀਨੀ ਫੌਜ ਦੀ ਪੈਟਰੋਲਿੰਗ ਪਾਰਟੀ ਭਾਰਤੀ ਫੌਜ ਨਾਲ ਗੱਲਬਾਤ ਕਰਨ ਲਈ ਅੱਗੇ ਵਧੀ ਤਾਂ ਉਨ੍ਹਾਂ ਨੇ ਜਵਾਬ ਵਿੱਚ ਵਾਰਨਿੰਗ ਸ਼ਾਟ ਫਾਇਰ ਕੀਤੇ। ਹੁਣ ਤੱਕ ਚੀਨ ਦੇ ਇਸ ਬਿਆਨ ‘ਤੇ ਭਾਰਤ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ ਹੈ।
ਫੌਜ ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ‘ਵਾਰਨਿੰਗ ਸ਼ਾਟਸ’ ਫਾਇਰ ਕੀਤੇ ਗਏ ਸਨ। ਚੀਨ ਦੀ ਨਜ਼ਰ ਸਾਡੇ ਬਲੈਕ ਟਾਪ ਅਤੇ ਹੈਲਮੇਟ ਟਾਪ ‘ਤੇ ਹੈ। ਸਰਹੱਦ ‘ਤੇ ਤੈਨਾਤ ਜਵਾਨ ਉਦੋਂ ਤੋਂ ਹਾਈ ਅਲਰਟ ‘ਤੇ ਹਨ, ਜਦੋਂ ਤੋਂ ਚੀਨ ਨੇ ਇਨ੍ਹਾਂ ਦੋਵਾਂ ਚੋਟੀਆਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜਵਾਨਾਂ ਨੇ ਇਨ੍ਹਾਂ ਦੋਵਾਂ ਚੋਟੀਆਂ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ। ਇਸ ਦੇ ਕਾਰਨ ਚੀਨੀ ਫੌਜ ਖੂਨਸ ਖਾਂਦੇ ਹੋਏ ਇਨ੍ਹਾਂ ਦੋਵਾਂ ਚੋਟੀਆਂ ‘ਤੇ ਕੰਟਰੋਲ ਹਾਸਿਲ ਕਰਨ ਲਈ ਅੱਗੇ ਵੱਧ ਰਹੀ ਹੈ।
ਦੱਸ ਦੇਈਏ ਕਿ 29-30 ਅਗਸਤ ਦੀ ਰਾਤ ਨੂੰ ਭਾਰਤੀ ਫੌਜ ਨੇ ਪੈਨਗੋਂਗ ਤਸੋ ਝੀਲ ਦੇ ਦੱਖਣੀ ਹਿੱਸੇ ਵਿੱਚ ਚੀਨੀ ਯੋਜਨਾਵਾਂ ਨੂੰ ਅਸਫਲ ਕਰਦਿਆਂ ਇੱਕ ਮਹੱਤਵਪੂਰਣ ਚੋਟੀ ‘ਤੇ ਕਬਜ਼ਾ ਕਰ ਲਿਆ ਸੀ। ਇਹ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਚੀਨੀ ਫੌਜੀ ਇੱਥੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਹਨ। ਇਹ ਕਿਹਾ ਜਾਂਦਾ ਹੈ ਕਿ 9-30 ਅਗਸਤ ਦੀ ਰਾਤ ਨੂੰ ਚੀਨੀ ਫੌਜ ਨੇ ਇਸ ਚੋਟੀ ‘ਤੇ ਕਬਜ਼ਾ ਕਰਨ ਦੀ ਸਾਜਿਸ਼ ਰਚੀ ਸੀ, ਪਰ ਭਾਰਤੀ ਫੌਜ ਦੀ ਸਪੈਸ਼ਲ ਆਪ੍ਰੇਸ਼ਨ ਬਟਾਲੀਅਨ ਨੇ ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ।