Foundation stone of PGI : ਫਿਰੋਜ਼ਪੁਰ ਵਿੱਚ 450 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਵਿਸਾਖੀ ਮੌਕੇ ਰੱਖਿਆ ਜਾਵੇਗਾ। ਇਸ ਦਾ ਐਲਾਨ ਕਰਦੇ ਹੋਏ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਕ ਸਾਲ ਦੇ ਅੰਦਰ- ਅੰਦਰ ਇਹ ਮੈਡੀਕਲ ਸੰਸਥਾ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿੱਚ ਵੀ ਛੇਤੀ ਹੀ 100 ਬੈਡ ਵਾਲਾ ਹਸਪਤਾਲ ਦਾ ਨਿਰਮਾਣ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੀਜੀਆਈ ਦੇ ਡਾਇਰੈਕਟਰ ਦੇ ਨਾਲ-ਨਾਲ ਮਨਿਸਟੀਰੀਅਲ ਅਧਿਕਾਰੀਆਂ ਨਾਲ ਵੀ ਸਮੀਖਿਆ ਮੀਟਿੰਗਾਂ ਕੀਤੀਆਂ ਹਨ ਤਾਂ ਜੋ ਇਸ ਪ੍ਰਾਜੈਕਟ ਛੇਤੀ ਮੁਕੰਮਲ ਕੀਤਾ ਜਾ ਸਕੇ। ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸਮਾਂ ਹੱਦ ਤੈਅ ਕਰ ਦਿੱਤੀ ਗਈ ਹੈ। ਇਸ ਵੇਲੇ ਟੈਂਡਰ ਤਿਆਰ ਹੋ ਰਿਹਾ ਹੈ ਤੇ ਇਸ ਪ੍ਰਾਜੈਕਟ ਨੂੰ ਬਣਾਉਣ ਕਰਨ ਵਾਲੀ ਏਜੰਸੀ ਦਾ ਫੈਸਲਾ ਇਸ ਸਾਲ 1 ਦਸੰਬਰ ਤੱਕ ਹੋ ਜਾਵੇਗਾ।
ਦੱਸਣਯੋਗ ਹੈ ਕਿ ਅਕਾਲੀ ਦਲ ਪ੍ਰਧਾਨ ਨੇ ਐਲਾਨ ਲੰਬੀ ਅਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਲਗਾਤਾਰ ਉਨ੍ਹਾਂ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਾਜੈਕਟ ਲਈ ਨੀਂਹ ਪੱਥਰ 13 ਅਪ੍ਰੈਲ 2021 ਨੂੰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਅਸਲ ਕੰਮ ਅਗਲੇ ਸਾਲ 1 ਜੂਨ ਤੱਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ 100 ਬੈੱਡਾਂ ਵਾਲੇ ਮੈਡੀਕਲ ਕਾਲਜ ਦੀ ਸਥਾਪਨਾ ਦਾ ਮਾਮਲਾ ਵੀ ਵਿੱਤ ਕਮਿਸ਼ਨ ਕੋਲ ਚੁੱਕਿਆ ਗਿਆ ਹੈ, ਜਿਸ ਦਾ ਮੁੱਖ ਮਕਸਦ ਇਸ ਸਰਹੱਦੀ ਖਿੱਤੇ ਵਿੱਚ ਮੈਡੀਕਲ ਸੇਵਾਵਾਂ ਦੀ ਸ਼ੁਰੂਆਤ ਕਰਨਾ ਹੈ। ਇਸ ਪ੍ਰਾਜੈਕਟ ਲਈ ਵੀ ਛੇਤੀ ਹੀ ਮਨਜ਼ੂਰੀ ਮਿਲ ਜਾਏਗੀ।