WHO chief says: ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਨੂੰ ਇੱਕ ਹੋਰ ਮਹਾਂਮਾਰੀ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ । ਕੋਰੋਨਾ ਵਾਇਰਸ ਦੀ ਲਾਗ ਅਤੇ ਇਸ ਦੇ ਪ੍ਰਭਾਵਾਂ ਦੇ ਮੱਦੇਨਜ਼ਰ WHO ਦੇ ਮੁਖੀ ਡਾ. ਟੇਡਰੋਸ ਅਡਾਨੋਮ ਗੈਬਰੇਸਿਸ ਨੇ ਸੋਮਵਾਰ ਦੇਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਟੇਡਰੋਸ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ ਅਗਲੀ ਮਹਾਂਮਾਰੀ ਤੋਂ ਪਹਿਲਾਂ ਜਨਤਕ ਸਿਹਤ ਲਈ ਬਹੁਤ ਸਾਰਾ ਪੈਸਾ ਨਿਵੇਸ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਕੋਰੋਨਾ ਵਰਗੀ ਸਥਿਤੀ ਦੀ ਉਮੀਦ ਹੈ। ਡਾ: ਟੇਡਰੋਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ 2.71 ਕਰੋੜ ਲੋਕ ਸੰਕਰਮਿਤ ਹੋਏ ਹਨ ਅਤੇ 8.88 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ । ਕੋਵਿਡ-19 ਨੇ ਦੁਨੀਆ ਦੀ ਇਹ ਹਾਲਤ ਸਿਰਫ਼ ਦਸੰਬਰ 2019 ਤੋਂ ਲੈ ਕੇ ਹੁਣ ਤੱਕ ਕਰ ਦਿੱਤੀ ਹੈ। ਹੁਣ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਦਿਖ ਰਿਹਾ ਹੈ।
WHO ਦੇ ਮੁਖੀ ਨੇ ਜੇਨੇਵਾ ਵਿੱਚ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਇਹ ਆਖਰੀ ਮਹਾਂਮਾਰੀ ਨਹੀਂ ਹੈ। ਇਤਿਹਾਸ ਬਹੁਤ ਸਾਰੀਆਂ ਮਹਾਂਮਾਰੀਆਂ ਦਾ ਗਵਾਹ ਰਿਹਾ ਹੈ। ਇਹ ਮਹਾਂਮਾਰੀਆਂ ਜੀਵਨ ਦੀ ਸੱਚਾਈ ਹਨ। ਇਹ ਖ਼ਤਮ ਨਹੀਂ ਹੁੰਦੀਆਂ। ਪਰ ਇਸ ਤੋਂ ਪਹਿਲਾਂ ਦੂਸਰੀ ਮਹਾਂਮਾਰੀ ਦੁਨੀਆ ‘ਤੇ ਹਮਲਾ ਕਰੇ, ਇਸ ਤੋਂ ਪਹਿਲਾਂ ਸਾਨੂੰ ਪੂਰੀ ਤਿਆਰੀ ਕਰਨੀ ਚਾਹੀਦੀ ਹੈ। ਦੁਨੀਆ ਭਰ ਦੇ ਦੇਸ਼ਾਂ ਨੂੰ ਸੰਭਾਵਤ ਬਿਮਾਰੀਆਂ ਲਈ ਵੈਕਸੀਨ ਅਤੇ ਦਵਾਈਆਂ ਦੀ ਸਾਂਝੇ ਤੌਰ ‘ਤੇ ਖੋਜ ਕਰਨੀ ਚਾਹੀਦੀ ਹੈ। ਜਨਤਕ ਸਿਹਤ ਲਈ ਵੱਧ ਤੋਂ ਵੱਧ ਪੈਸਾ ਲਗਾਉਣਾ ਚਾਹੀਦਾ ਹੈ। ਵੈਕਸੀਨ ਅਤੇ ਦਵਾਈਆਂ ਦੇ ਤੁਰੰਤ ਨਿਰਮਾਣ ਅਤੇ ਮਾਰਕੀਟ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਜਦੋਂ ਵੀ ਕੋਈ ਮਹਾਂਮਾਰੀ ਫੈਲ ਜਾਵੇ ਤਾਂ ਇਸ ਨੂੰ ਤੁਰੰਤ ਕਾਬੂ ਵਿੱਚ ਕੀਤਾ ਜਾ ਸਕੇ।
WHO ਦੇ ਇੱਕ ਮਾਹਿਰ ਨੇ ਕੋਰੋਨਾ ਵੈਕਸੀਨ ਬਾਰੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਕੋਈ ਵੈਕਸੀਨ ਨਹੀਂ ਮਿਲੇਗੀ। ਲੋਕਾਂ ਨੂੰ ਉਮੀਦ ਸੀ ਕਿ ਆਕਸਫੋਰਡ ਯੂਨੀਵਰਸਿਟੀ ਦਾ ਟੀਕਾ ਲੋਕਾਂ ਨੂੰ ਉਪਲਬਧ ਹੋਵੇਗਾ । ਪਰ ਅਜਿਹਾ ਨਹੀਂ ਹੋਵੇਗਾ। ਯੂਰਪ, ਅਮਰੀਕਾ, ਮੈਕਸੀਕੋ ਅਤੇ ਰੂਸ ਨੂੰ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਤੋਂ ਸਭ ਤੋਂ ਵੱਧ ਉਮੀਦਾਂ ਸਨ। ਇਸ ਬਾਰੇ WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਆਨ ਨੇ ਕਿਹਾ ਕਿ ਵਿਸ਼ਵ ਭਰ ਦੇ ਖੋਜਕਰਤਾ ਇੱਕ ਤੇਜ਼ ਰਫਤਾਰ ਨਾਲ ਕੰਮ ਕਰ ਰਹੇ ਹਨ, ਤਾਂ ਜੋ ਵੈਕਸੀਨ ਬਣਾਈ ਜਾ ਸਕੇ। ਪਰ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਮਾਰਕੀਟ ਵਿੱਚ ਉਪਲਬਧ ਨਹੀਂ ਹੋਵੇਗੀ।
ਮਾਈਕ ਰਿਆਨ ਨੇ ਕਿਹਾ ਕਿ ਅਗਲੇ ਸਾਲ ਜੋ ਵੀ ਵੈਕਸੀਨ ਆਵੇਗੀ ਉਹ ਅਗਲੇ ਸਾਲ ਯਾਨੀ ਕਿ 2021 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਹਰ ਰੋਜ਼ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋ ਰਹੇ ਹਨ। ਮਾਈਕ ਇਸ ਸਮੇਂ WHO ਦੀ ਉਸ ਟੀਮ ਦੇ ਮੁਖੀ ਹਨ ਜੋ ਇਹ ਦੇਖੇਗੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਹੀ ਸਮੇਂ ‘ਤੇ ਵੈਕਸੀਨ ਦੀ ਸਹੀ ਮਿਲੇ। ਰਿਆਨ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਦੇ ਵਿਗਿਆਨੀ ਵੈਕਸੀਨ ਬਣਾਉਣ ਵਿੱਚ ਰੁੱਝੇ ਹੋਏ ਹਨ। ਉਹ ਵਧੀਆ ਕੰਮ ਕਰ ਰਹੇ ਹਨ।