Insurance company refuses : ਚੰਡੀਗੜ੍ਹ : ਜ਼ਿਲ੍ਹਾ ਕੰਜ਼ਿਊਮਰ ਡਿਸਪਿਊਟ ਰਿਡ੍ਰੇਸਲ ਕਮਿਸ਼ਨ ਨੇ ਇੱਕ ਇੰਸ਼ੋਰੈਂਸ ਕਰਵਾਏ ਹੋਏ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਉਸ ਦਾ ਕਲੇਮ ਨਾ ਦੇਣ ਵਾਲੀ ਇੰਸ਼ੋਰੈਂਸ ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਉਸ ਖਿਲਾਫ ਫੈਸਲਾ ਸੁਣਾਇਆ ਹੈ। ਕਮਿਸ਼ਨ ਨੇ ਕੰਪਨੀ ਵੱਲੋਂ ਟਰੱਕ ਦੇ ਮਾਲਿਕ ਕੁਲਦੀਪ ਸ਼ਰਮਾ ਨੂੰ 9,48,000 ਰੁਪਏ ਕਲੇਮ ਵਜੋਂ ਦੇਣ ਦਾ ਹੁਕਮ ਦਿੱਤਾ ਹੈ। ਨਾਲ ਹੀ ਇਸ ਦੌਰਾਨ ਸ਼ਿਕਾਇਤਕਰਤਾ ਕੁਲਦੀਪ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 20 ਹਜ਼ਾਰ ਰੁਪਏ ਮੁਆਵਜ਼ਾ ਰਕਮ ਅਤੇ ਦਸ ਹਜ਼ਾਰ ਰੁਪਏ ਕੇਸ ਦੇ ਖਰਚੇ ਵਜੋਂ ਦੇਣ ਲਈ ਕਿਹਾ ਹੈ।
ਹਰਿਆਣਾ ਦੇ ਜ਼ਿਲ੍ਹਾ ਯਮੁਨਾ ਨਗਰ ਨਿਵਾਸੀ ਕੁਲਦੀਪ ਸ਼ਰਮਾ ਨੇ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਸੈਕਟਰ-9 ਸਥਿਤ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਤੋਂ ਆਪਣੇ ਟਰੱਕ ਨੰਬਰ ਐੱਚਆਰ58-7565 ਲਈ ਇੰਸ਼ੋਰੈਂਸ ਪਾਲਿਸੀ ਲਈ ਸੀ। ਇਹ ਪਾਲਿਸੀ 23 ਨਵੰਬਰ 2011 ਤੋਂ 22 ਨਵੰਬਰ 2012 ਤੱਕ ਦੇ ਲਈ ਸੀ। ਦੋ ਜੂਨ 2012 ਨੂੰ ਸ਼ਿਕਾਇਤਕਰਤਾ ਨੇ ਟਰੱਕ ਦੇ ਕੈਬਿਨ ਨੂੰ ਰਿਪੇਅਰ ਕਰਵਾਉਣ ਲਈ ਦਿੱਲੀ ਸਥਿਤ ਕਮਲ ਬਾਡੀ ਬਿਲਡਰਸ ਕੋਲ ਭੇਜਿਆ ਹੋਇਆ ਸੀ। ਇਸ ਦੌਰਾਨ ਉਥੇ ਉਨ੍ਹਾਂ ਦੇ ਟਰੱਕ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਕੰਪਨੀ ਤੋਂ ਇਸ ਦੇ ਲਈ ਕਲੇਮ ਦੀ ਮੰਗ ਕੀਤੀ।
ਕੰਪਨੀ ਨੇ ਆਪਣੇ ਵੱਲੋਂ ਕਿੰਨੇ ਦਾ ਨੁਕਸਾਨ ਹੋਇਆ, ਇਸ ਦੇ ਲਈ ਆਪਣਾ ਮੁਲਾਜ਼ਮ ਨਿਯੁਕਤ ਕਰ ਦਿੱਤਾ। ਮੁਲਾਜ਼ਮ ਨੇ ਕੁਲ 17,70,220 ਰੁਪਏ ਦਾ ਨੁਕਸਾਨ ਦੱਸਿਆ ਪਰ ਉਨ੍ਹਾਂ ਦੀ ਪਾਲਿਸੀ 9,50,000 ਰੁਪਏ ਦੀ ਸੀ। ਪਰ ਕੰਪਨੀ ਨੇ ਸਾਢੇ ਨੌ ਲੱਖ ਰੁਪਏ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪ੍ਰੇਸ਼ਾਨ ਹੋ ਕੇ ਸ਼ਿਕਾਇਤਕਰਤਾ ਨੇ ਕੰਜ਼ਿਊਮਰ ਕਮਿਸ਼ਨ ਵਿੱਚ ਕੇਸ ਦਾਇਰ ਕੀਤਾ। ਉਥੇ ਦੋਵੇਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਹੁਣ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਹੈ।