Covid patients to get VIP : ਚੰਡੀਗੜ੍ਹ ਵਿੱਚ ਸੈਕਟਰ-16 ’ਚ ਸਥਿਤ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਨੂੰ ਹੁਣ ਵੀਆਈਪੀ ਟ੍ਰੀਟਮੈਂਟ ਮਿਲੇਗਾ, ਜਿਸ ਦੇ ਲਈ ਬੁੱਧਵਾਰ ਨੂੰ ਐਲਾਨ ਕੀਤਾ ਗਿਆ। ਹਸਪਤਾਲ ਵੱਲੋਂ ਅੱਠ ਕਮਰਿਆਂ ਦਾ ਵਾਧਾ ਕੀਤਾ ਗਿਆ ਹੈ ਜਿਸ ਵਿੱਚੋਂ ਚਾਰ ਸਿੰਗਲ ਬੈੱਡ ਅਤੇ ਦੋ ਡਬਲ ਬੈੱਡ ਦੇ ਰਹਿਣਗੇ। ਇਥੇ ਰਹਿਣ ਵਾਲੇ ਮਰੀਜ਼ਾਂ ਨੂੰ ਸਵੇਰੇ ਉਠ ਕੇ ਯੋਗਾ ਕਰਵਾਉਣ ਨਾਲ ਦਿਨ ਦੀ ਸ਼ੁਰੂਆਤ ਹੋਵੇਗੀ ਅਤੇ ਉਸ ਤੋਂ ਬਾਅਦ ਖਾਣੇ ਵਿੱਚ ਸਪੈਸ਼ਲ ਡਾਇਟ ਜੋਕਿ ਕੋਰੋਨਾ ਨਾਲ ਲੜਨ ਵਿੱਚ ਮਦਦ ਕਰਦੀ ਹੈ, ਦਿੱਤੀ ਜਾਵੇਗੀ।
24 ਘੰਟੇ ਲਈ ਏਸੀ ਅਤੇ ਵਾਈਫਾਈ, ਟੀਵੀ, ਪਾਣੀ ਗਰਮ ਕਰਨ ਲਈ ਕੇਤਲੀ ਦੀ ਸਹੂਲਤ ਵੀ ਮਰੀਜ਼ਾਂ ਨੂੰ ਮਿਲੇਗੀ। ਇਹ ਸਹੂਲਤ ਹਸਪਤਾਲ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਹਸਪਤਾਲ ਵਿੱਚ ਮਰੀਜ਼ਾਂ ਨੂੰ ਵੀਆਈਪੀ ਸਹੂਲਤ ਦੇਣ ਦੇ ਨਾਲ ਕੋਵਿਡ-19 ਦੀ ਜਾਂਚ ਲਈ ਪੀਸੀਆਰ ਟੈਸਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜੋਕਿ ਪਹਿਲਾਂ ਤੋਂ ਹੀ ਹੋਈ ਨਿਯੁਕਤੀ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਆਨਲਾਈਨ ਨਿਯੁਕਤੀ ਦੇ ਆਧਾਰ ’ਤੇ ਹੀ ਓਪੀਡੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਲਈ ਮਰੀਜ਼ www.sdach.ac.in ’ਤੇ ਜਾ ਕੇ ਅਪਲਾਈ ਕਰ ਸਕਦਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਧਨਵੰਤਰੀ ਕਾਲਜ ਤੇ ਹਸਪਤਾਲ ਸੈਕਟਰ-46 ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਡਾ. ਨਰੇਸ਼ ਮਿੱਤਲ ਨੇ ਦੱਸਿਆ ਕਿ ਇਥੋਂ ਹੁਣ ਤੱਕ 517 ਮਰੀਜ਼ਾਂ ਨੂੰ ਠੀਕ ਕਰਕੇ ਡਿਸਚਾਰਜ ਕੀਤਾ ਜਾ ਚੁੱਕਾ ਹੈ। ਕੁਝ ਮਰੀਜ਼ਾਂ ਦੀ ਡਿਮਾਂਡ ਸੀ ਕਿ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਤਰਜ ’ਤੇ ਸਹੂਲਤ ਚਾਹੀਦੀ ਸੀ, ਜਿਸ ਦੇ ਲਈ ਅਸੀਂ ਤਿਆਰੀ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਮੰਗੀ ਸੀ, ਜੋਕਿ ਮਿਲ ਚੁੱਕੀ ਹੈ। ਸਿੰਗਲ ਬੈੱਡ ਵਾਲੇ ਕਮਰੇ ਦਾ ਚਾਰਜ ਪੰਜ ਹਜ਼ਾਰ ਅਤੇ ਡਬਲ ਬੈੱਡ ਵਾਲੇ ਦਾ ਚਾਰਜ ਦਸ ਹਜ਼ਾਰ ਰਹੇਗਾ, ਜਿਸ ਵਿੱਚ ਸਾਰੀਆਂ ਸਹੂਲਤਾਂ ਮਿਲਣਗੀਆਂ।