Punjab government has issued : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਸੋਮਵਾਰ ਕੋਰੋਨਾ ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਸੰਬੰਧੀ ਹੋਈ ਮੀਟਿੰਗ ਤੋਂ ਬਾਅਦ ਸ਼ਹਿਰੀ ਇਲਾਕਿਆਂ ਵਿੱਚ ਕੁਝ ਪਾਬੰਦੀਆਂ ’ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋਕਿ ਅੱਜ 9 ਸਤੰਬਰ ਤੋਂ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਦੱਸਣਯੋਗ ਹੈ ਕਿ ਇਹ ਹਿਦਾਇਤਾਂ 31 ਅਗਸਤ ਨੂੰ ਅਨਲਾਕ 4.0 ਦੌਰਾਨ ਜਾਰੀ ਕੀਤੀਆਂ ਗਾਈਡਲਾਈਨਸ ਦੇ ਨਾਲ ਹਨ। ਇਨ੍ਹਾਂ ਹਿਦਾਇਤਾਂ ਮੁਤਾਬਕ ਪੰਜਾਬ ਦੇ ਸਾਰੇ 167 ਨਗਰ ਨਿਗਮਾਂ ਵਿੱਚ ਸ਼ਨੀਵਾਰ ਨੂੰ ਕਰਫਿਊ ਨਹੀਂ ਲੱਗੇਗਾ, ਜਦਕਿ ਐਤਵਾਰ ਨੂੰ ਕਰਫਿਊ ਉਸੇ ਤਰ੍ਹਾਂ ਜਾਰੀ ਰਹੇਗਾ। ਇਸ ਤੋਂ ਇਲਾਵਾ ਰਾਤ ਦੇ ਕਰਫਿਊ ਵਿੱਚ ਸਾਰੀਆਂ ਗੈਰ-ਜ਼ਰੂਰੀ ਸਰਗਰਮੀਆਂ ’ਤੇ ਰਾਤ 9.30 ਵਜੇ ਤੋਂ ਲੈ ਕੇ 5.00 ਵਜੇ ਤੱਕ ਪੂਰਾ ਹਫਤਾ ਪਾਬੰਦੀਆਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ।
ਹਾਲਾਂਕਿ ਨੈਸ਼ਨਲ ਹਾਈਵੇਜ਼ ’ਤੇ ਜ਼ਰੂਰੀ ਸਰਗਰਮੀਆਂ ਤੇ ਸੇਵਾਵਾਂ, ਲੋਕਾਂ ਅਤੇ ਵਸਤਾਂ ਦੀ ਆਵਾਜਾਈ, ਅੰਤਰਰਾਜੀ ਤੇ ਸੂਬੇ ਦੇ ਅੰਦਰ ਲੋਕਾਂ ਦੀ ਦੀ ਆਵਾਜਾਈ, ਕਾਰਗੋ ਅਪਲੋਡਿੰਗ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਲੋਕਾਂ ਵੱਲੋਂ ਬੱਸਾਂ, ਟ੍ਰੇਨਾਂ ਅਤੇ ਹਵਾਈ ਸਫਰ ਦੀ ਮਨਜ਼ੂਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਜ਼ਰੂਰੀ ਸੇਵਾਵਾਂ ਵਿੱਚ ਸਿਹਤ ਸੰਬੰਧੀ ਸੇਵਾਵਾਂ, ਖੇਤੀਬਾੜੀ ਤੇ ਇਸ ਨਾਲ ਸੰਬੰਧਤ ਸਰਗਰਮੀਆਂ, ਡੇਅਰੀ, ਬੈਂਕ, ਏਟੀਐੱਮ, ਸਟਾਕ ਮਾਰਕੀਟਸ, ਇੰਸ਼ੋਰੈਂਸ ਕੰਪਨੀ, ਆਨਲਾਈਨ ਟੀਚਿੰਗ, ਪਬਲਿਕ ਟਰਾਂਸਪੋਰਟ, ਮਲਟੀਪਲ ਸ਼ਿਫਟ ਵਿੱਚ ਇੰਡਸਟਰੀ, ਕੰਸਟਰਕਸ਼ਨ ਇੰਡਸਟਰੀ, ਪ੍ਰਾਈਵੇਟ ਤੇ ਸਰਕਾਰੀ ਦਫਤਰ ਸ਼ਾਮਲ ਹਨ। ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਜਿਵੇਂ ਹਸਪਤਾਲ, ਲੈਬ, ਡਾਇਗਲੋਸਟਿਕ ਸੈਂਟਰ, ਕੈਮਿਸਟ ਦੀਆਂ ਦੁਕਾਨਾਂ ਪੂਰਾ ਹਫਤਾ 24 ਘੰਟੇ ਖੁੱਲ੍ਹੇ ਰਹਿਣਗੇ। ਯੂਨੀਵਰਸਿਟੀ, ਬੋਰਡ, ਪਬਲਿਕ ਸਰਵਿਸ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੀਆਂ ਪ੍ਰੀਖਿਆਵਾਂ, ਦਾਖਲਾ ਪ੍ਰੀਖਿਆਵਾਂ ਸੰਬੰਧੀ ਵਿਅਕਤੀਆਂ ਤੇ ਵਿਦਿਆਰਥੀਆਂ ਦੀ ਆਵਾਜਾਈ ਦੀ ਵੀ ਮਨਜ਼ੂਰੀ ਰਹੇਗੀ। ਸਾਰੇ ਸ਼ਹਿਰਾਂ ਵਿੱਚ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼ਰਾਬ ਦੇ ਠੇਕਿਆਂ ਆਦਿ ਦੇ ਖੁੱਲ੍ਹਣ ਦਾ ਸਮਾਂ ਹੇਠਾਂ ਲਿਖੇ ਅਨੁਸਾਰ ਹੈ।
ਸੂਬੇ ’ਚ ਧਾਰਾ 144 ਦੇ ਚੱਲਦਿਆਂ ਚਾਰ ਪਹੀਆ ਵਾਹਨਾਂ ’ਤੇ ਤਿੰਨ ਵਿਅਕਤੀਆਂ ਨੂੰ ਅਤੇ ਸਾਰੀਆਂ ਬੱਸਾਂ ਤੇ ਪਬਲਿਕ ਟਰਾਂਸਪੋਰਟ ਨੂੰ 50 ਫੀਸਦੀ ਸਵਾਰੀਆਂ ਨਾਲ ਚੱਲਣ ਦੀ ਇਜਾਜ਼ਤ ਹੈ। ਹਰ ਤਰ੍ਹਾਂ ਦੇ ਸਮਾਜਿਕ, ਸਿਆਸੀ, ਧਾਰਮਿਕ ਇਕੱਠਾਂ, ਮੁਜ਼ਾਹਰਿਆਂ ਆਦਿ ’ਤੇ ਪੂਰੇ ਸੂਬੇ ਵਿੱਚ ਮਨਾਹੀ ਰਹੇਗੀ। ਵਿਆਹਾਂ ਤੇ 30 ਅਤੇ ਅੰਤਿਮ ਸੰਸਕਾਰ ’ਚ 20 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਧਾਰਾ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਮੁੱਖ ਹਿੱਸਾ ਲੈਣ ਵਾਲਿਆਂ ਵਿਰੁੱਧ ਸਖਤਕਾਰਵਾਈ ਕੀਤੀ ਜਾਵੇਗੀ। ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਵਿੱਚ ਇਸ ਮਹੀਨੇ ਦੇ ਅਖੀਰ ਤੱਕ 50 ਫੀਸਦੀ ਸਟਾਫ ਨਾਲ ਕੰਮ ਕੀਤਾ ਜਾਵੇਗਾ। ਸਰਕਾਰੀ ਦਫਤਰਾਂ ਦੇ ਹੈੱਡ ਆਫਿਸਜ਼ ਵਿੱਚ ਆਮ ਲੋਕਾਂ ਦੀ ਮਨਾਹੀ ਰਹੇਗੀ ਅਤੇ ਇਨ੍ਹਾਂ ਦਫਤਰਾਂ ਵਿੱਚ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਲਈ ਵਧੇਰੇ ਕੰਮ ਆਨਲਾਈਨ ਕਰਨ ਨੂੰ ਪਹਿਲ ਦਿੱਤੀ ਜਾਵੇਗੀ।