m veerappa moily says: ਬੰਗਲੁਰੂ: ਕਾਂਗਰਸ ਦੇ ਦਿੱਗਜ ਨੇਤਾ ਐਮ ਵੀਰੱਪਾ ਮੋਇਲੀ ਨੇ ਬੁੱਧਵਾਰ ਨੂੰ ਕਿਹਾ ਕਿ ਪੀ ਵੀ ਨਰਸਿਮਹਾ ਰਾਓ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ। ਤੇਲੰਗਾਨਾ ਵਿਧਾਨ ਸਭਾ ਨੇ ਮੰਗਲਵਾਰ ਨੂੰ ਇੱਕ ਮਤਾ ਪਾਸ ਕੀਤਾ ਜਿਸ ਰਾਹੀਂ ਕੇਂਦਰ ਨੂੰ ਰਾਓ ਦੀ ਜਨਮ ਸ਼ਤਾਬਦੀ ਦੇ ਮੌਕੇ ਉੱਤੇ ਸਭ ਤੋਂ ਉੱਚ ਨਾਗਰਿਕ ਸਨਮਾਨ ਦੇਣ ਦੀ ਅਪੀਲ ਕੀਤੀ ਗਈ ਸੀ। ਸਾਬਕਾ ਕੇਂਦਰੀ ਮੰਤਰੀ ਮੋਇਲੀ ਨੇ ਕਿਹਾ ਕਿ ਰਾਓ ਯਕੀਨਨ ਸਤਿਕਾਰ ਦੇ ਹੱਕਦਾਰ ਹਨ ਪਰ ਆਰਥਿਕ ਮੋਰਚੇ ਵਿੱਚ ਸਿੰਘ ਦਾ ਯੋਗਦਾਨ ਵੀ ਉਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, “ਜਦੋਂ ਉਨ੍ਹਾਂ (ਰਾਓ) ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਦੇਸ਼ ਦੀ ਆਰਥਿਕਤਾ ਸੰਕਟ ਵਿੱਚ ਸੀ ਅਤੇ ਦੇਸ਼ ਦੀ ਸਥਿਤੀ ਖ਼ਰਾਬ ਸੀ।”
ਮੋਇਲੀ ਨੇ ਕਿਹਾ, “ਰਾਓ ਨੇ ਮਨਮੋਹਨ ਸਿੰਘ ਨਾਲ ਮਿਲ ਕੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਂਦਾ ਸੀ।” ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, “ਇਸਦਾ ਸਿਹਰਾ ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਦੋਵਾਂ ਨੂੰ ਜਾਂਦਾ ਹੈ। ਇਹ ਵਧੇਰੇ ਉਚਿਤ ਹੋਵੇਗਾ ਕਿ ਦੋਵਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।” ਮੋਇਲੀ ਨੇ ਯਾਦ ਕੀਤਾ ਕਿ ਮਨਮੋਹਨ ਸਿੰਘ ਰਾਓ ਕੈਬਨਿਟ ਵਿੱਚ ਵਿੱਤ ਮੰਤਰੀ ਵਜੋਂ ਸੇਵਾ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਮਨਮੋਹਨ ਸਿੰਘ ਨੂੰ ਨਾ ਸਿਰਫ ਦੇਸ਼ ਵਿੱਚ ਬਲਕਿ ਵਿਸ਼ਵ ਵਿੱਚ ਵੀ “ਸਭ ਤੋਂ ਉੱਘੇ” ਅਰਥਸ਼ਾਸਤਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।