Accused of defrauding woman : ਅੰਮ੍ਰਿਤਸਰ ਵਿੱਚ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਕਮਲਜੀਤ ਸਿੰਘ ਨੇ ਇਕ ਔਰਤ ’ਤੇ 1.30 ਲੱਖ ਰੁਪਏ ਠੱਗਣ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਉਸ ਨੇ ਰਾਮਬਾਗ ਥਾਣੇ ਵਿੱਚ 25 ਮਾਰਚ 2020 ਨੂੰ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਧੋਖਾਧੜੀ ਅਤੇ ਗਬਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਸੀ। ਕਮਲਜੀਤ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਅਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਸ ਦੀ ਐੱਫਆਈਆਰ ਵਿੱਚ ਹੋਰ ਧਾਰਾਵਾਂ ਜੋੜ ਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ ਜਾਵੇ।
ਉਸ ਨੇ ਦੋਸ਼ ਲਗਾਇਆ ਹੈ ਕਿ ਗੋਲਡਨ ਐਵੇਨਿਊ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਇਕ ਸੰਗਠਿਤ ਕੰਮ ਕਰ ਰਹੀ ਹੈ। ਉਸ ਦੀ ਸ਼ਿਕਾਇਤ ਵਿੱਚ ਕਈ ਹੋਰ ਲੋਕਾਂ ਦੇ ਵੀ ਨਾਂ ਲਿਖੇ ਸਨ, ਜਿਨ੍ਹਾਂ ’ਤੇ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸ਼ਿਕਾਇਤਕਰਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਕੋਮਲਪ੍ਰੀਤ ਕੌਰ ਨਾਲ ਹੋਈ ਸੀ। ਦੋਸ਼ੀ ਔਰਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਰੇਲਵੇ ਵਿੱਚ ਚੰਗੀ ਪਹੁੰਚ ਹੈ। ਉਹ ਕਈ ਲੋਕਾਂ ਨੂੰ ਨੌਕਰੀ ਲਗਵਾ ਚੁੱਕੀ ਹੈ। ਉਸ ਨੇ ਸਰਕਾਰੀ ਨੌਕਰੀ ਦੇ ਬਦਲੇ ਉਸ ਕੋਲੋਂ 1.30 ਲੱਖ ਰੁਪਏ ਲੈ ਲਏ ਸਨ। ਪੈਸੇ ਲੈਣ ਤੋਂ ਬਾਅਦ ਦੋਸ਼ੀ ਔਰਤ ਨੇ ਉਸ ਦੀ ਨੌਕਰੀ ਨਹੀਂ ਲਗਵਾਈ। ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਰਾਮਬਾਗ ਪੁਲਿਸ ਨੇ ਜਾਂਚ ਤੋਂ ਬਾਅਦ ਕੋਮਲਪ੍ਰੀਤ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਤੋਂ ਬਾਅਦ ਔਰਤ ਨੇ ਉਸ ਖਿਲਾਫ ਝੂਠੀਆਂ ਸ਼ਿਕਾਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।