WHO on Covid 19 Vaccine: ਕੋਰੋਨਾ ਵਾਇਰਸ ਦੀ ਵੈਕਸੀਨ ਦੀ ਦੌੜ ਵਿੱਚ ਆਕਸਫੋਰਡ ਵੈਕਸੀਨ ਦੀ ਰਫਤਾਰ ਅਚਾਨਕ ਰੁਕ ਗਈ ਹੈ। ਇੱਕ ਵਾਲੰਟੀਅਰ ‘ਤੇ ਇਸਦੇ ਮਾੜੇ ਪ੍ਰਭਾਵ ਦੇਖਣ ਤੋਂ ਬਾਅਦ ਵੈਕਸੀਨ ਦਾ ਟ੍ਰਾਇਲ ਫਿਲਹਾਲ ਰੋਕ ਦਿੱਤਾ ਗਿਆ ਹੈ। ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਵੈਕਸੀਨ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ । WHO ਨੇ ਕਿਹਾ ਹੈ ਕਿ ਕਿਸੇ ਵੀ ਸਥਿਤੀ ਵਿੱਚ ਵੈਕਸੀਨ ਦੀ ਸੁਰੱਖਿਆ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
WHO ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਦੱਸਿਆ ਕਿ ਕੋਵਿਡ-19 ਦੀ ਸਭ ਤੋਂ ਪਹਿਲੀ ਅਤੇ ਜ਼ਰੂਰੀ ਪਹਿਲ ਉਸਦੀ ਸੁਰੱਖਿਆ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਅਸੀਂ ਜਲਦੀ ਹੀ ਵੈਕਸੀਨ ਲਿਆਉਣ ਦੀ ਗੱਲ ਕਰਦੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਾਂ ਕਟੌਤੀ ਕੀਤੀ ਜਾਣੀ ਚਾਹੀਦੀ ਹੈ।’ ਸੌਮਿਆ ਸਵਾਮੀਨਾਥਨ ਨੇ ਕਿਹਾ, ‘ਵੈਕਸੀਨ ਬਣਾਉਣ ਦੀ ਪ੍ਰਕਿਰਿਆ ਵਿੱਚ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਦਵਾਈਆਂ ਅਤੇ ਵੈਕਸੀਨ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਦੀ ਜਾਂਚ ਹੋਣੀ ਜ਼ਰੂਰੀ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਰੋਕ ਦਿੱਤਾ ਗਿਆ ਹੈ। ਇੱਕ ਰਿਪੋਰਟ ਦੇ ਅਨੁਸਾਰ ਬ੍ਰਿਟੇਨ ਵਿੱਚ ਵੈਕਸੀਨ ਲੈਣ ਵਾਲੇ ਇੱਕ ਵਲੰਟੀਅਰ ਦੀ ਸਿਹਤ ਵਿੱਚ ਗੰਭੀਰ ਪ੍ਰਤੀਕ੍ਰਿਆ ਵੇਖਣ ਤੋਂ ਬਾਅਦ ਇਨ੍ਹਾਂ ਟ੍ਰਾਇਲਾਂ ‘ਤੇ ਪਾਬੰਦੀ ਲਗਾਈ ਗਈ ਹੈ।
ਐਸਟਰਾਜ਼ੇਨੇਕਾ ਦੇ ਬੁਲਾਰੇ ਦਾ ਕਹਿਣਾ ਹੈ, “ਇਹ ਇੱਕ ਰੁਟੀਨ ਕਾਰਵਾਈ ਹੈ ਜੋ ਕਿਸੇ ਵੀ ਟ੍ਰਾਇਲ ਵਿੱਚ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਕੀਤਾ ਜਾਂਦਾ ਹੈ।” ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਟ੍ਰਾਇਲ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ। ਬੁਲਾਰੇ ਨੇ ਇਹ ਵੀ ਕਿਹਾ ਕਿ ਸਮੀਖਿਆ ਨੂੰ ਤੇਜ਼ ਕਰਨ ਅਤੇ ਟ੍ਰਾਇਲ ਦੀ ਸਮਾਂ ਰੇਖਾ ‘ਤੇ ਸੰਭਾਵਿਤ ਪ੍ਰਭਾਵ ਨੂੰ ਘਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਵੈਕਸੀਨ ਦੇ ਵਿਕਾਸ ਦੀ ਪ੍ਰਕਿਰਿਆ ਨਾਲ ਜੁੜੇ ਇੱਕ ਵਿਅਕਤੀ ਅਨੁਸਾਰ ਖੋਜਕਰਤਾਵਾਂ ਨੇ ਕਿਹਾ ਕਿ ਸਾਵਧਾਨੀ ਨੂੰ ਧਿਆਨ ਵਿੱਚ ਰੱਖਦਿਆਂ ਟ੍ਰਾਇਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਐਸਟਰਾਜ਼ੇਨੇਕਾ ਵੱਲੋਂ ਇਹ ਕਿਹਾ ਗਿਆ ਹੈ ਕਿ ਟ੍ਰਾਇਲ ਨੂੰ ਰੱਦ ਨਹੀਂ ਕੀਤਾ ਗਿਆ ਹੈ, ਪਰ ਸਿਰਫ ਕੁਝ ਦਿਨਾਂ ਲਈ ਰੋਕਿਆ ਗਿਆ ਹੈ। ਹਾਲਾਂਕਿ, ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਟ੍ਰਾਇਲ ਦੁਬਾਰਾ ਕਦੋਂ ਸ਼ੁਰੂ ਹੋਵੇਗਾ।