108 Social Media Accounts blocked : ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਦੇ ਹੁਕਮਾਂ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਕੋਵਿਡ ਬਾਰੇ ਗਲਤ ਪ੍ਰਚਾਰ ਕਰਨ ਵਾਲੇ 38 ਫੇਸਬੁੱਕ, 49 ਟਵਿੱਟਰ ਤੇ 21 ਯੂ. ਟਿਊਬ ਖਾਤਿਆਂ/ਲਿੰਕਜ਼ ਨੂੰ ਸਮਰੱਥ ਅਥਾਰਟੀ ਤੋਂ ਬਲੌਕ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਹੁਣ ਤੱਕ 121 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿੱਚ ਕੁੱਲ 151 ਫੇਸਬੁੱਕ ਅਕਾਊਂਟ/ਲਿੰਕ, 100 ਟਵਿੱਟਰ, ਚਾਰ ਇੰਸਟਾਗ੍ਰਾਮ ਤੇ 37 ਯੂ.ਟਿਊਬ ਖਾਤਿਆਂ/ਲਿੰਕਜ਼ ਬਾਰੇ ਸਬੰਧਤ ਅਥਾਰਟੀ ਫੇਸਬੁੱਕ, ਟਵਿੱਟਰ ਤੇ ਗੂਗਲ ਨੂੰ ਸੂਚਿਤ ਕੀਤਾ ਗਿਆ।
ਡੀਜੀਪੀ ਦਿਨਕਰ ਗੁਪਤਾ ਨੇ ਖੁਲਾਸਾ ਕਰਦਿਆਂ ਕਿਹਾ ਕਿ ਏਜੰਸੀ ਵੱਲੋਂ ਕਿੜ੍ਹ ਕੱਢਣ ਵਾਲੇ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਅਨਸਰਾਂ ਦੇ ਅਕਾਊਂਟਸ/ਲਿੰਕਜ਼ ਨੂੰ ਬਲੌਕ ਕਰਨ ਲਈ ਮਾਮਲਾ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਿਵੀਜ਼ਨ ਕੋਲ ਉਠਾਇਆ ਗਿਆ ਜਿਸ ਦੇ ਚੱਲਦਿਆਂ ਹੁਣ ਤੱਕ 108 ਖਾਤੇ/ਲਿੰਕ ਬਲੌਕ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੋਰ ਖਾਤਿਆਂ ਨੂੰ ਬਲੌਕ ਕਰਨ ਦੀ ਉਡੀਕ ਹੈ। ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਸਮਰੱਥ ਅਥਾਰਟੀਆਂ ਨੂੰ ਖਾਤਾ ਧਾਰਕਾਂ ਬਾਰੇ ਸੂਚਨਾ ਦੇਣ ਦੀ ਬੇਨਤੀ ਕੀਤੀ ਗਈ ਹੈ। ਅਕਾਊਂਟ ਹੋਲਡਰਸ ਦੀ ਸੂਚਨਾ ਮਿਲਦੇ ਹੀ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 ਤੇ ਆਈ.ਪੀ.ਸੀ. ਦੀਆਂ ਸਬੰਧਤ ਧਾਰਵਾਂ ਤਹਿਤ ਸ਼ਰਾਰਤੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ। ਉਥੇ ਹੀ ਸਾਈਬਰ ਕ੍ਰਾਈਮ ਸੈੱਲ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨਜ਼ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਿਸੇ ਵੀ ਤਰ੍ਹਾਂ ਦੀਆਂ ਗੈਰ-ਪ੍ਰਮਾਣਿਕ/ਗੈਰ-ਅਧਿਕਾਰਤ ਪੋਸਟਾਂ, ਖਬਰਾਂ, ਵੀਡੀਓਜ਼ ਅਤੇ ਹੋਰ ਸਬੰਧਤ ਸਮੱਗਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ‘ਕੋਵਿਡ-19 ਮਹਾਮਾਰੀ ਦੌਰਾਨ ਮਨੁੱਖੀ ਅੰਗਾਂ ਦਾ ਕਾਰੋਬਾਰ’ ਦੇ ਨਾਂ ਹੇਠ ਲੋਕਾਂ ਨੂੰ ਭੜਕਾਉਣ ਲਈ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ ਗਲਤ ਢੰਗ ਨਾਲ ਕੋਰੋਨਾ ਪਾਜ਼ੇਟਿਵ ਠਹਿਰਾਅ ਰਹੇ ਹਨ ਅਤੇ ਉਨ੍ਹਾਂ ਵੱਲੋਂ ਵਿੱਤੀ ਲਾਭ ਲਈ ਅੰਗ ਕੱਢੇ ਜਾ ਰਹੇ ਹਨ। ਇਨ੍ਹਾਂ ਗਲਤ ਅਫਵਾਹਾਂ ਦੇ ਚੱਲਦਿਆਂ ਲੋਕ ਸਿਹਤ ਕੇਂਦਰਾਂ ‘ਤੇ ਕੋਰੋਨਾ ਟੈਸਟਿੰਗ ਲਈ ਜਾਣ ਤੋਂ ਡਰਨ ਲੱਗੇ ਹਨ। ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਅਫਵਾਹਾਂ ਫੈਲਾਉਣ ਅਤੇ ਝੂਠੀਆਂ/ਕਿੜ੍ਹ ਕੱਢਣ ਵਾਲੀਆਂ ਵੀਡੀਓਜ਼ ਜਾਰੀ ਕੀਤੇ ਜਾਣ ਦਰਮਿਆਨ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।