China Pangong Plan: ਲੇਹ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪੈਨਗੋਂਗ ਝੀਲ ਦੇ ਨੇੜੇ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਦੀ ਫੌਜ ਆਹਮੋ-ਸਾਹਮਣੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਚੀਨ ਨੇ ਪੈਨਗੋਂਗ ਝੀਲ ਦੇ ਨੇੜੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੰਗਲਵਾਰ ਸ਼ਾਮ ਤੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਚੀਨੀ ਫੌਜ ਆਪਣੇ ਨਾਲ ਇੱਥੇ ਬਹੁਤ ਸਾਰਾ ਸਮਾਨ ਲੈ ਕੇ ਪਹੁੰਚ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 5 ਤੋਂ 7 ਹਜ਼ਾਰ ਚੀਨੀ ਫੌਜ ਦੇ ਟੈਂਕ ਅਤੇ ਹੋਰ ਹਥਿਆਰਾਂ ਨਾਲ ਸਰਹੱਦ ‘ਤੇ ਤਾਇਨਾਤ ਹਨ। ਇਸ ਤੋਂ ਇਲਾਵਾ ਲਗਭਗ 50 ਹਜ਼ਾਰ ਜਵਾਨ ਐਲਏਸੀ ਤੱਕ ਪਹੁੰਚ ਚੁੱਕੇ ਹਨ। ਪਰ ਭਾਰਤ ਚੀਨ ਨੂੰ ਢੁੱਕਵਾਂ ਜਵਾਬ ਦੇਣ ਲਈ ਵੀ ਤਿਆਰ ਹੈ।
ਇਨ੍ਹਾਂ ਇਲਾਕਿਆਂ ‘ਚ ਵਧੀਆਂ ਗਤੀਵਿਧੀਆਂ
ਦੱਸ ਦੇਈਏ ਕਿ ਪੈਨਗੋਂਗ ਝੀਲ ਦਾ ਉੱਤਰੀ ਖੇਤਰ ਅੱਠ ਵੱਖ-ਵੱਖ ਫਿੰਗਰ ਏਰੀਆ ਵਿੱਚ ਵੰਡਿਆ ਹੋਇਆ ਹੈ। ਭਾਰਤ ਦਾ ਦਾਅਵਾ ਹੈ ਕਿ ਅਸਲ ਕੰਟਰੋਲ ਰੇਖਾ (LAC) ਫਿੰਗਰ ਅੱਠ ਤੋਂ ਸ਼ੁਰੂ ਹੁੰਦੀ ਹੈ ਅਤੇ ਫਿੰਗਰ ਚਾਰ ਤੱਕ ਜਾਂਦੀ ਹੈ। ਪਰ ਚੀਨੀ ਫੌਜ ਐਲਏਸੀ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਚੀਨੀ ਫੌਜੀ ਫਿੰਗਰ ਫੋਰ ਨੇੜੇ ਖੜ੍ਹੇ ਹਨ। ਉਹ ਫਿੰਗਰ ਪੰਜ ਅਤੇ ਅੱਠ ਵਿਚਕਾਰ ਨਿਰਮਾਣ ਕਰ ਰਹੇ ਹਨ। ਮੰਗਲਵਾਰ ਰਾਤ ਨੂੰ ਫਿੰਗਰ 3 ਖੇਤਰ ਦੇ ਨੇੜੇ ਇੱਕ ਚੀਨੀ ਨਿਰਮਾਣ ਵੇਖਿਆ ਗਿਆ ਸੀ।
ਭਾਰਤੀ ਫੌਜ ਨੇ ਕਸਿਆ ਸ਼ਿਕੰਜਾ
ਦੱਸਿਆ ਜਾ ਰਿਹਾ ਹੈ ਕਿ 29-30 ਅਗਸਤ ਨੂੰ ਹੋਈ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵਧਿਆ ਹੈ। ਭਾਰਤ ਦੇ ਜਵਾਨ ਹੁਣ ਪੈਨਗੋਂਗ ਝੀਲ ਦੇ ਦੱਖਣੀ ਕੰਢੇ ‘ਤੇ ਉੱਚੀਆਂ ਸਿਖਰਾਂ ‘ਤੇ ਪਹੁੰਚ ਗਏ ਹਨ। ਜਦੋਂ ਕਿ ਚੀਨੀ ਫੌਜ ਇੱਥੇ ਨੀਵੇਂ ਇਲਾਕਿਆਂ ਵਿੱਚ ਹੈ। ਝੀਲ ਦੇ ਦੱਖਣੀ ਕੰਢੇ ਦੁਆਲੇ ਦੀ ਜ਼ਮੀਨ ਵਧੇਰੇ ਸਮਤਲ ਅਤੇ ਚੌੜੀ ਹੈ। ਇਹ ਉੱਤਰੀ ਹਿੱਸੇ ਵਿੱਚ ਨਹੀਂ ਹੈ। ਇਹ ਰਸਤਾ ਜਿਨ੍ਹਾਂ ਪਹਾੜਾਂ ਵਿੱਚੋਂ ਲੰਘਦਾ ਹੈ ਉਨ੍ਹਾਂ ਦੀ ਉਚਾਈ 16 ਹਜ਼ਾਰ ਫੁੱਟ ਤੱਕ ਹੈ ਅਤੇ ਹੁਣ ਭਾਰਤ ਦੇ ਜਵਾਨ ਇਨ੍ਹਾਂ ਪਹਾੜਾਂ ਦੀ ਉਚਾਈ ‘ਤੇ ਮੁਸਤੈਦ ਹਨ।
ਜਵਾਬੀ ਕਾਰਵਾਈ ਲਈ ਤਿਆਰ
ਇਸ ਦੌਰਾਨ ਲੱਦਾਖ ਦੇ ਇਲਾਕਿਆਂ ਵਿੱਚ ਸੁਖੋਈ ਸਮੇਤ ਭਾਰਤੀ ਹਵਾਈ ਫੌਜ ਦੇ ਹੋਰ ਜਹਾਜ਼ਾਂ ਦੀਆਂ ਗਤੀਵਿਧੀਆਂ ਵਧੀਆਂ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਰਹੱਦ ‘ਤੇ ਤਾਇਨਾਤ ਸਾਰੇ ਜਵਾਨਾਂ ਨੂੰ ਬਹੁਤ ਚੌਕਸ ਰਹਿਣ ਲਈ ਕਿਹਾ ਗਿਆ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ, ਪਰ ਇਸ ਸਮੇਂ ਦੌਰਾਨ ਵੀ ਚੀਨ ਵੱਲੋਂ ਦਬਾਅ ਅਤੇ ਭੜਕਾਊ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰਤੀ ਅਧਿਕਾਰੀ ਦਾ ਦਾਅਵਾ ਹੈ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।