Family seeks Rs 2 crore compensation : ਚੰਡੀਗੜ੍ਹ : ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮੋਹਿੰਦਰ ਪਾਲ ਬਿੱਟੂ ਦੀ ਨਾਭਾ ਜੇਲ੍ਹ ਵਿੱਚ ਕੈਦੀਆਂ ਵੱਲੋਂ ਹੱਤਿਆਂ ਨੂੰ ਜੇਲ੍ਹ ਪ੍ਰਬੰਧਨ ਦੀ ਲਾਪਰਵਾਹੀ ਦੱਸਦੇ ਹੋਏ ਉਸ ਦੇ ਪਿਤਾ ਨੇ ਦੋ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਿਲ ਕੀਤੀ ਹੈ। ਪਟੀਸ਼ਨ ’ਤੇ ਅਦਾਲਤ ਨੇ ਪੰਜਾਬ ਸਰਕਾਰ, ਡੀਜੀਪੀ ਅਤੇ ਨਾਭਾ ਜੇਲ੍ਹ ਸੁਪਰੀਟੈਂਡੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਮੋਹਿੰਦਰ ਪਾਲ ਬਿੱਟੂ ਦੀ ਪਿਛਲੇ ਸਾਲ ਜੂਨ ਵਿੱਚ ਨਾਭਾ ਜੇਲ੍ਹ ਵਿੱਚ ਕੈਦੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
ਬਿੱਟੂ ਦੇ ਪਿਤਾ ਰਾਮ ਲਾਲ, ਉਸ ਦੀ ਪਤਨੀ ਅਤੇ ਦੋ ਪੁੱਤਰਾਂ ਵੱਲੋਂ ਐਡਵੋਕੇਟ ਬਲਤੇਜ ਸਿੰਘ ਸਿੱਧੂ ਰਾਹੀਂ ਦਾਇਰ ਪਟੀਸ਼ਨ ਵਿੱਚ ਦੱਸਿਆ ਗਿਆਹੈ ਕਿ ਮੋਹਿੰਦਰ ਪਾਲ ਖਿਲਾਫ ਬੇਅਦਬੀ ਨੂੰ ਲੈ ਕੇ ਫਰੀਦਕੋਟ ਦੇ ਕੋਟਕਪੂਰਾ ’ਚ 13 ਜੂਨ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਬਿੱਟੂ ਨੂੰ ਪੁਲਿਸ ਨੇ ਫਸਾਇਆ ਸੀ। ਉਸ ਨੂੰ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿਥੇ ਬੀਤੇ ਸਾਲ ਜੇਲ੍ਹ ਵਿੱਚ ਹੋਰ ਕੈਦੀਆਂ ਨੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਪੁਲਿਸ ਨੇ ਪਹਿਲਾਂ ਦੋ ਕੈਦੀਆਂ ’ਤੇ ਐੱਫਆਈਆਰ ਦਰਜ ਕੀਤੀ ਅਤੇ ਉਸ ਤੋਂ ਬਾਅਦ 2 ਹੋਰ ਨੂੰ ਨਾਮਜ਼ਦ ਕੀਤਾ। ਮ੍ਰਿਤਕ ਮੋਹਿੰਦਰ ਪਾਲ ਬਿੱਟੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਇਸ ਕਾਂਡ ਤੋਂ ਪਹਿਲਾਂ ਇਕ ਬੇਕਰੀ ਚਲਾਉਂਦਾ ਸੀ। ਉਹ ਇਕੱਲਾ ਪੂਰੇ ਪਰਿਵਾਰ ਦਾ ਪੇਟ ਪਾਲਦਾ ਸੀ। ਉਸ ਦੀ ਮੌਤ ਤੋਂ ਬਾਅਦ ਹੁਣ ਇਹ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਪਰਿਵਾਰ ’ਤੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਬਿੱਟੂ ’ਤੇ ਲੱਗੇ ਦੋਸ਼ਾਂ ਦੇ ਚੱਲਦਿਆਂ ਹੁਣ ਉਨ੍ਹਾਂ ਦੇ ਪਰਿਵਾਰ ਨੂੰ ਵੀ ਖਤਰਾ ਬਣਿਆ ਹੋਇਆ ਹੈ। ਬਿੱਟੂ ਦੀ ਮੌਤ ਜੇਲ੍ਹ ਮੈਨੇਜਮੈਂਟ ਦੀ ਲਾਪਰਵਾਹੀ ਦੇ ਚੱਲਦਿਆਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।