Both Punjabis trapped in Dubai : ਸੋਸ਼ਲ ਮੀਡੀਆ ’ਤੇ ਦੁਬਈ ਵਿੱਚ ਫਸੇ ਪੰਜਾਬ ਦੇ ਦੋ ਵਿਅਕਤੀਆਂ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਵਿਦੇਸ਼ ਮੰਤਰਾਲੇ ਨੂੰ ਵਤਨ ਵਾਪਸੀ ਕਰਵਾਉਣ ਲਈ ਚਿੱਠੀ ਲਿਖੀ ਗਈ। ਕੇਂਦਰੀ ਮੰਤਰੀ ਦੇ ਉਪਰਾਲਿਆਂ ਸਦਕਾ ਹੁਣ ਇਹ ਦੋਵੇਂ ਵਿਅਕਤੀ ਛੇਤੀ ਹੀ ਆਪਣੇ ਘਰ ਹੋਣਗੇ। ਮੰਤਰੀ ਸੋਮ ਪ੍ਰਕਾਸ਼ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੁਬਈ ਵਿੱਖੇ ਭਾਰਤੀ ਦੂਤਾਵਾਸ ਵਲੋਂ ਟਵੀਟ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦੋਹਾਂ ਵਿਅਕਤੀਆਂ ਦੇ ਘਰ ਵਾਪਸੀ ਲਈ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਵੇਂ ਵਿਅਕਤੀ ਜਲਦ ਆਪਣੇ ਪਰਿਵਾਰਕ ਮੈਂਬਰਾਂ ਵਿੱਚ ਹੋਣਗੇ। ਇਸ ਸਮੇਂ ਇਹ ਦੋਵੇਂ ਵਿਅਕਤੀ ਭਾਰਤੀ ਦੂਤਾਵਵਾਸ ਦੀ ਦੇਖ-ਰੇਖ ਵਿੱਚ ਹੀ ਹਨ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਦੇ ਲਈ ਕੁਝ ਸਾਲ ਪਹਿਲਾਂ ਦੁਬਈ ਪਹੁੰਚੇ ਦੋ ਵਿਅਕਤੀਆਂ ਨੂੰ ਕਿਸੇ ਕਾਰਨ ਆਪਣਾ ਕੰਮ ਛੱਡਣਾ ਪੈ ਗਿਆ ਅਤੇ ਉਹ ਉਥੇ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜ਼ਬੂਰ ਹੋ ਚੁੱਕੇ ਹਨ। ਹੁਣ ਉਹ ਸੜਕਾਂ ਦੇ ਕੰਢੇ ਆਪਣੀਆਂ ਰਾਤਾਂ ਬਿਤਾ ਰਹੇ ਹਨ। ਜਿਸ ਦੀ ਦੁਬਈ ਵਿੱਚ ਰਹਿੰਦੇ ਇੱਕ ਪਾਕਿਸਤਾਨ ਨੌਜਵਾਨ ਰਈਸ਼ ਕੁਮਾਰ ਨੇ ਵੀਡੀਓ ਵਾਇਰਲ ਕੀਤੀ ਸੀ।
ਇਨ੍ਹਾਂ ਵਿੱਚੋਂ ਇੱਕ ਵਿਅਕਤੀ ਫਗਵਾੜਾ ਦੇ ਨਜ਼ਦੀਕ ਪਿੰਡ ਜਗਪਾਲਪੁਰ ਦਾ ਹੈ ਅਤੇ ਦੂਸਰਾ ਵਿਅਕਤੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਗੁਰਾਇਆ ਦਾ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਵਾਇਰਲ ਹੋਈ ਵੀਡੀਓ ਵੇਖੀ ਤਾਂ ਸਰਕਾਰ ਪਾਸੋਂ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਗੁਹਾਰ ਲਗਾਈ ਸੀ। ਜਿਸ ਤੋਂ ਬਾਅਦ ਹਲਕਾ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਦੋਹਾਂ ਵਿਅਕਤੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਅਤੇ ਆਪਣੇ ਟਵੀਟਰ ਅਕਾਉਂਟ ਤੇ ਟਵੀਟ ਕਰ ਵਿਦੇਸ਼ ਮੰਤਰੀ ਨੂੰ ਮਦਦ ਲਈ ਅਪੀਲ ਕੀਤੀ ਸੀ। ਜਿਸ ਮਗਰੋਂ ਕੇਂਦਰ ਸਰਕਾਰ ਦੇ ਉਪਰਾਲੇ ਨਾਲ ਦੋਨਾਂ ਵਿਅਕਤੀਆਂ ਨੂੰ ਦੁਬਈ ਵਿਚ ਭਾਰਤੀ ਦੂਤਾਵਾਸ ਤੱਕ ਪਹੁੰਚਾਇਆ ਜਾ ਚੁੱਕਾ ਹੈ। ਇਸ ਦੌਰਾਨ ਮੰਤਰੀ ਸੋਮ ਪ੍ਰਕਾਸ਼ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ।