Former DGP Saini knocks on Supreme Court door : ਬਲਵੰਤ ਸਿੰਘ ਮੁਲਤਾਨੀ ਦੀ ਅਗਵਾ ਤੇ ਕਤਲ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਮੰਗਲਵਾਰ ਨੂੰ ਹਾਈਕੋਰਟ ਤੋਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਪਹੁੰਚ ਗਏ ਹਨ ਅਤੇ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਪਟੀਸ਼ਨ ਦਾਇਰ ਕੀਤੀ ਹੈ। ਆਪਣੇ ਵਕੀਲਾਂ ਰਾਹੀਂ ਸੁਮੇਧ ਸੈਣੀ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋ ਸਕਦੀ ਹੈ। ਉਥੇ ਹੀ ਪੁਲਿਸ ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ, ਇਸੇ ਅਧੀਨ ਅੱਜ ਐਸਆਈਟੀ ਵੱਲੋਂ ਦਿੱਲੀ ਵਿੱਚ ਛਾਪੇਮਾਰੀ ਕੀਤੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਸੀਬੀਆਈ ਕੋਰਟ ਨੇਵੀ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਿੱਲੀ ਵਿੱਚ ਚੱਲ ਰਹੇ ਸੀਬੀਆਈ ਟ੍ਰਾਇਲ ਵਿੱਚ ਸੀਬੀਆਈ ਨੇ ਕਿਹਾ ਹੈ ਕਿ ਸੈਣੀ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਾ ਦਿੱਤੀ ਜਾਵੇ। ਦੱਸਣਯੋਗ ਹੈ ਕਿ ਮੰਗਲਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਫਤਿਹਦੀਪ ਸਿੰਘ ਨੇ ਸੈਣੀ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਏਜੰਸੀ ਤੋਂ ਕਰਵਾਉਣ ਦੀ ਮੰਗ ਸੰਬੰਧੀ ਦੋਵੇਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਸੀ।
ਸੁਮੇਧ ਸੈਣੀ ਲੰਮੇ ਸਮੇਂ ਤੋਂ ਫਰਾਰ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੇ ਕੁਝ ਖਾਸ ਲੋਕਾਂ ਦੇ ਘਰਾਂ ਹੁਸ਼ਿਆਰਪੁਰ, ਡੱਬਵਾਲੀ ਆਦਿ ਕਈ ਥਾਵਾਂ ’ਤੇ ਵੀ ਸੈਣੀ ਨੂੰ ਲੱਭਣ ਲਈ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਤੇ ਹੁਣ ਦਿੱਲੀ ਵਿੱਚ ਚਾਰ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, ਪਰ ਉਹ ਕਿਤੇ ਵੀ ਨਹੀਂ ਮਿਲੇ। ਪੁਲਿਸ ਨੂੰ ਸੈਣੀ ਦੀ ਪੰਚਸ਼ੀਲ ਪਾਰਕ ਵਿੱਚ ਇਕ ਠਾਹਰ ਦਾ ਪਤਾ ਲੱਗਾ ਸੀ ਪਰ ਉਥੇ ਵੀ ਸੈਣੀ ਨਹੀਂ ਸਨ। ਸੁਮੇਧ ਸੈਣੀ ਨੂੰ ਫਿਲਹਾਲ ਜ਼ਮਾਨਤ ਮਿਲਦੀ ਤਾਂ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ’ਚੇ ਉਨ੍ਹਾਂ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੈਣੀ ਅਤੇ 6 ਹੋਰਨਾਂ ਖਿਲਾਫ ਮਟੌਰ ਥਾਣੇ ਵਿੱਚ ਮੁਲਤਾਨੀ ਦੇ ਅਗਵਾ ਅਤੇ ਲਾਪਤਾ ਮਾਮਲੇ ਵਿੱਚ ਬਾਅਦ ਵਿੱਚ ਕਤਲ ਦੀ ਧਾਰਾ 302 ਵੀ ਜੋੜੀ ਗਈ ਸੀ।