300 year old Saroop : ਲਗਭਗ 300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪਾਵਨ ਸਰੂਪਾਂ ਨੂੰ ਲਾਹੌਰ ਦੇ ਇੱਕ ਅਜਾਇਬਘਰ ਵਿੱਚ ਦਰਸ਼ਨਾਂ ਲਈ ਰੱਖੇ ਜਾਣ ’ਤੇ ਪਾਕਿਸਤਾਨੀ ਸਿੱਖਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਵੱਲੋਂ ਇਸ ਪਾਵਨ ਸਰੂਪ ਨੂੰ ਕਿਸੇ ਗੁਰਦੁਆਰਾ ਸਾਹਿਬਾਨ ’ਚ ਸੁਸ਼ੋਭਿਤ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਇਸ ਪਾਵਨ ਸਰੂਪ ’ਤੇ ਕੋਈ ਤਰੀਕ ਤਾਂ ਅੰਕਿਤ ਨਹੀਂ ਹੈ ਪਰ ਇਸ ਦੀ ਲਿਖਾਈ ਅਤੇ ਸਿਆਹੀ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਤਿੰਨ ਸੌ ਸਾਲ ਤੋਂ ਵੱਧ ਪੁਰਾਣਾ ਹੈ।
ਦੱਸਣਯੋਗ ਹੈ ਕਿ ਇਸ ਹੱਥ ਲਿਖਤ ਪਾਵਨ ਸਰੂਪ ਦੀ ਪਵਿੱਤਰ ਬੀੜ ਦੇਸ਼ ਵੰਡ ਦੌਰਾਨ ਪਲਾਇਨ ਕਰਨ ਵਾਲੇ ਸਿੱਖ ਲਾਹੌਰ ਅਜਾਇਬਘਰ ਵਿੱਚ ਭੇਟ ਕਰ ਗਏ ਸਨ। ਉਦੋਂ ਤੋਂ ਇਨ੍ਹਾਂ ਸਰੂਪਾਂ ਨੂੰ ਸੰਭਾਲਿਆ ਗਿਆ ਸੀ। ਬੁੱਧਵਾਰ ਨੂੰ ਇਸ ਨੂੰ ਦਰਸ਼ਨਾਂ ਦੇ ਲਈ ਰੱਖਿਆ ਗਿਆ। ਇੱਕ ਲਿਖਤ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਵਨ ਦੀ ਪਹਿਲੀ ਮੰਜ਼ਿਲ ਵਿੱਚ ਵੀ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਇਸ ਪਾਵਨ ਸਰੂਪ ਨੂੰ ਪਾਕਿਸਤਾਨ ਸਥਿਤ ਕਿਸੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਕਿਸੇ ਹੋਰ ਕਿਤਾਬ ਵਾਂਗ ਇਕ ਕੋਠੜੀ ਵਿੱਚ ਨਹੀਂ ਰੱਖਿਆ ਜਾ ਸਕਦਾ। ਪਾਵਨ ਸਰੂਪ ਗੁਰਦੁਆਰਾ ਸਾਹਿਬਾਨ ਵਿੱਚ ਹੀ ਸੋਭਦੇ ਹਨ। ਬਿਸ਼ਨ ਸਿੰਘ ਮੁਤਾਬਕ ਉਹ ਇਸ ਸੰਵੇਦਨਸ਼ੀਵ ਮੁੱਦੇ ’ਤੇ ਪੀਐਸਜੀਪੀਸੀ ਦੀ ਆਉਣ ਵਾਲੀ ਬੈਠਕ ਵਿੱਚ ਚਰਚਾ ਕਰਨ ਦੀ ਮੰਗ ਕਰਨਗੇ। ਉਨ੍ਹਾਂ ਸੁਝਾਅ ਦਿੱਤਾ ਕਿ ਅਜਾਇਬਘਰ ਨੂੰ ਇਸ ਦੁਰਲੱਭ ਗ੍ਰੰਥ ਨੂੰ ਗੁਰਦੁਆਰਾ ’ਚ ਦੇਣਾ ਚਾਹੀਦਾ ਹੈ ਅਤੇ ਸਿੱਖਾਂ ਦੇ ਇੱਕ ਗਰੁੱਪ ਨੂੰ ਪਵਿੱਤਰ ਗ੍ਰੰਥ ਦੀ ਸੇਵਾ ਸੰਭਾਲ ਲਈ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ, ਕਈ ਹੱਥਲਿਖਤ ਪਾਵਨ ਸਰੂਪ ਮੁਲਤਾਨ ਅਜਾਇਬਘਰ ਤੇ ਦਿਆਲ ਸਿੰਘ ਟਰੱਸਟ ਲਾਇਬ੍ਰੇਰੀ ਵਿੱਚ ਸੁਰੱਖਿਅਤ ਕੀਤੇ ਹੋਏ ਹਨ। ਸਥਾਨਕ ਸਿੱਖ ਇਸ ਪ੍ਰਾਚੀਨ ਪਾਵਨ ਸਰੂਪ ਨੂੰ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿੱਚ ਸੁਸ਼ੋਭਿਤ ਕਰਨ ਦੀ ਮੰਗ ਕਰ ਰਹੇ ਹਨ।