Former SHO Jaswinder Kaur : ਚੰਡੀਗੜ੍ਹ : ਰਿਸ਼ਵਤ ਮਾਮਲੇ ਵਿੱਚ ਦੋਸ਼ੀ ਮਨੀਮਾਜਰਾ ਥਾਣੇ ਦੀ ਸਾਬਕਾ ਐੱਸਐੱਚਓ ਜਸਵਿੰਦਰ ਕੌਰ ਨੇ ਵੀਰਵਾਰ ਨੂੰ ਸੀਬੀਆਈ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ’ਤੇ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ 14 ਸਤੰਬਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਪਟੀਸ਼ਨ ਵਿੱਚ ਜਸਵਿੰਦਰ ਕੌਰ ਨੇ ਕਿਹਾ ਹੈ ਕਿ ਰਿਸ਼ਵਤ ਦੇ ਮਾਮਲੇ ਵਿੱਚ ਉਸ ਨੂੰ ਝੂਠਾ ਫਸਾਇਆ ਗਿਆ ਹੈ। ਉਸ ਨੇ ਨਾ ਤਾਂ ਰਿਸ਼ਵਤ ਮੰਗੀ ਅਤੇ ਨਾ ਉਸ ਤੋਂ ਰਿਕਵਰੀ ਹੋਈ। ਸੀਬੀਆਈ ਜਿਨ੍ਹਾਂ ਪੰਜ ਲੱਖ ਰੁਪਏ ਦੀ ਗੱਲ ਕਰ ਰਹੀ ਹੈ, ਉਹ ਦੋਵੇਂ ਪੱਖਾਂ ਵਿੱਚ ਸਮਝੌਤੇ ਤੋਂਬਾਅਦ ਤੈਅ ਹੋਈ ਰਕਮ ਸੀ। ਰਣਧੀਰ ਨੇ ਉਸ ਨੂੰ ਖੁਦ ਕਿਹਾ ਸੀ ਕਿ ਉਸ ਨੂੰ ਦੋ ਲੱਖ ਰੁਪਏ ਮਿਲ ਗਏ ਹਨ ਤੇ ਰਣਧੀਰ ਨੂੰ ਹੀ ਬਾਕੀ ਰਕਮ ਦਿੱਤੀ ਜਾਣੀ ਸੀ। ਉਸ ਨੇ ਖੁਦ ਆਪਣੀ ਮਰਜ਼ੀ ਨਾਲ 25 ਜੁਲਾਈ ਨੂੰ ਸਰੈਂਡਰ ਕਰ ਦਿੱਤਾ ਸੀ। ਆਵਾਜ਼ ਅਤੇ ਲਿਖਾਵਟ ਦੇ ਨਮੂਨੇ ਦੇਣ ’ਤੇ ਵੀ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਜੇਲ੍ਹ ਵਿੱਚ ਰਹਿਣ ਦੌਰਾਨ ਉਹ ਹਾਰਟ ਪ੍ਰਾਬਲਮ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੀ ਹੈ। ਟ੍ਰਾਇਲ ਚੱਲਣ ਵਿੱਚ ਅਜੇ ਸਮਾਂ ਲੱਗੇਗਾ। ਉਹ ਮਾਮਲੇ ਨਾਲ ਸੰਬੰਧਤ ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰੇਗੀ।
ਦੱਸਣਯੋਗ ਹੈ ਕਿ ਬੀਤੀ 30 ਜੂਨ ਨੂੰ ਜਸਵਿੰਦਰ ਕੌਰ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ, 1988 ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 7 ਅਤੇ 7ਏ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਮਨੀਮਾਜਰਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਸਵਿੰਦਰ ਕੌਰ ਨੇ ਧੋਖਾਧਰੀ ਦੇ ਇੱਕ ਮਾਮਲੇ ਨੂੰ ਸੁਲਝਾਉਣ ਦੇ ਬਦਲੇ ਵਿੱਚ ਪੰਜ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਉਸ ਖਿਲਾਪ ਐੱਫਆਈਆਰ ਦਰਜ ਕਰਨ ਦੀ ਧਮਕੀ ਵੀ ਸੀ। ਇਸ ਸੂਚਨਾ ’ਤੇ ਸੀਬੀਆਈ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਵਿਚੋਲੀਏ ਭਗਵਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਿਕਾਇਤਕਰਤਾ ਮੁਤਾਬਕ ਇਹ ਰਿਸ਼ਵਤ ਜਸਵਿੰਦਰ ਕੌਰ ਦੇ ਕਹਿਣ ’ਤੇ ਲਈ ਗਈ ਸੀ। ਜਸਵਿੰਦਰ ਕੌਰ ਨੇ 25 ਜੁਲਾਈ ਨੂੰ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਸੀ। ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਹਾਲਾਂਕਿ, ਭਗਵਾਨ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ।