The ASI stopped the woman : ਚੰਡੀਗੜ੍ਹ ਸੈਕਟਰ-17 ਵਿੱਚ ਸਥਿਤ ਆਈਐੱਸਬੀਟੀ ਦੇ ਗੇਟ ’ਤੇ ਵੀਰਵਾਰ ਸਵੇਰੇ ਸਾਢੇ 11 ਵਜੇ ਚੰਡੀਗੜ੍ਹ ਪੁਲਿਸ ਦੇ ਇਕ ਏਐੱਸਆਈ ਨੇ ਕਾਰ ਸਵਾਰ ਇਕ ਔਰਤ ਨੂੰ ਰੋਕ ਕੇ ਖੂਬ ਹੰਗਾਮਾ ਸ਼ੁਰੂ ਕਰ ਦਿੱਤਾ। ਕਾਰ ਦੇ ਅੱਗੇ ਖੜ੍ਹੇ ਹੋ ਕੇ ਉਹ ਰੌਲਾ ਪਾਉਣ ਲੱਗਾ। ਇਹ ਦੇਖ ਕੇ ਮੌਕੇ ’ਤੇ ਭੀੜ ਜਮ੍ਹਾ ਹੋ ਗਈ। ਹਾਲਾਤ ਇਹ ਸਨ ਕਿ ਕਾਰ ਚਾਲਕ ਔਰਤ ਵੀ ਸਮਝ ਨਹੀਂ ਸਕੀ ਕਿ ਇਹ ਮਾਮਲਾ ਕੀ ਹੈ। ਹੰਗਾਮੇ ਨੂੰ ਵਧਦਾ ਦੇਖ ਕੇ ਮੌਕੇ ’ਤੇ ਪੁਲਿਸ ਬਲਾਉਣੀ ਪਈ। ਇਸ ਨਾਲ ਗੁੱਸੇ ਵਿੱਚ ਆਏ ਏਐੱਸਆਈ ਨੇ ਕਾਰ ਦਾ ਵਾਈਪਰ ਤੋੜ ਦਿੱਤਾ ਅਤੇ ਪੀਸੀਆਰ ਮੁਲਾਜ਼ਮਾਂ ਨਾਲ ਵੀ ਉਸ ਦੀ ਝੜਪ ਹੋ ਗਈ।
ਲਗਭਗ ਅੱਧੇ ਘੰਟੇ ਤੱਕ ਚੱਲੇ ਹੰਗਾਮੇ ਤੋਂ ਬਾਅਦ ਪੀਸੀਆਰ ਮੁਲਾਜ਼ਮਾਂ ਨੇ ਏਐੱਸਆਈ ’ਤੇ ਬੜੀ ਮੁਸ਼ਕਿਲ ਕਾਬੂ ਪਾਇਆ ਅਤੇ ਉਸ ਨੂੰ ਚੁੱਕ ਕੇ ਲੈ ਗਏ। ਏਐੱਸਆਈ ਦਾ ਜੀਐੱਮਐੱਸਐੱਚ-16 ਵਿੱਚ ਮੈਡੀਕਲ ਕਰਵਾਇਆ ਗਿਆ। ਸੈਕਟਰ-17 ਥਾਣਾ ਪੁਲਿਸ ਮਾਮਲੇ ਦੀ ਛਾਣਬੀਣ ਵਿੱਚ ਲੱਗ ਗਈ ਹੈ। ਪੁਲਿਸ ਮੁਤਾਬਕ ਹੰਗਾਮਾ ਕਰਨ ਵਾਲਾ ਚੰਡੀਗੜ੍ਹ ਪੁਲਿਸ ਦਾ ਏਐੱਸਆਈ ਜਸਬੀਰ ਸਿੰਘ ਹੈ, ਜੋਕਿ ਸੈਕਟਰ-17 ਸਥਿਤ ਮਹਿਲਾ ਥਾਣੇ ਵਿੱਚ ਤਾਇਨਾਤ ਹੈ। ਪਿਛਲੇ ਲਗਭਗ ਇੱਕ ਹਫਤੇ ਤੋਂ ਡਿਊਟੀ ਸੈਕਟਰ-17 ਦੇ ਬੱਸ ਅੱਡੇ ਦੇ ਕੋਲ ਲੱਗੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਏਐੱਸਆਈ ਜਸਬੀਰ ਸਿੰਘ ਮਾਨਸਿਕ ਤੌਰ ’ਤੇ ਬੀਮਾਰ ਹੈ, ਉਸ ਦਾ 2015 ਤੋਂ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਮੈਡੀਕਲ ਦੌਰਾਨ ਏਐੱਸਆਈ ਦੇ ਨਸ਼ੇ ਵਿੱਚ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਹੈ ਕਿ ਏਐੱਸਆਈ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ।
ਇਸ ਘਟਨਾ ਤੋਂ ਬਾਅਦ ਏਐੱਸਆਈ ਜਸਬੀਰ ਸਿੰਘ ਦੀਆਂ ਦੋ ਵੱਖ-ਵੱਖ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਵਾਇਰਲ ਵੀਡੀਓ ਵਿੱਚ ਇਕ ਵਿਅਕਤੀ ਦੱਸ ਰਿਹਾ ਹੈ ਕਿ ਸਵੇਰ ਤੋਂ ਏਐੱਸਆਈ ਇਥੋਂ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਕਿਸੇ ਦਾ ਮੋਬਾਈਲ ਖੋਹ ਰਿਹਾ ਹੈ ਤਾਂ ਕਿਤੇ ਉਲਟੀਆਂ-ਸਿੱਧੀਆਂ ਹਰਕਤਾਂ ਕਰ ਰਿਹਾ ਹੈ। ਵੀਡੀਓ ਵਿੱਚ ਏਐੱਸਆਈ ਕਾਰ ਦਾ ਵਾਈਪਰ ਤੋੜਦੇ ਹੋਏ ਦਿਖ ਰਿਹਾ ਹੈ। ਮੌਕੇ ’ਤੇ ਪਹੁੰਚੇ ਪੁਲਿਸ ਮੁਲਾਜ਼ਮ ਏਐੱਸਆਈ ਨੂੰ ਪੀਸੀਆਰ ਵਿੱਚ ਬਿਠਾਉਂਦੇ ਦਿਖ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਮਾਨਸਿਕ ਤੌਰ ’ਤੇ ਬੀਮਾਰ ਚੱਲ ਰਹੇ ਏਐੱਸਆਈ ਦੀ ਪਬਲਿਕ ਪਲੇਸ ’ਤੇ ਡਿਊਟੀ ਲਗਾਉਣ ਬਾਰੇ ਚੰਡੀਗੜ੍ਹ ਪੁਲਿਸ ਵਿਭਾਗ ਦੇ ਪੀਆਰਓ ਡਿਪਾਰਟਮੈਂਟ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁਲਾਜ਼ਮ ਦੇ ਬੀਮਾਰ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।