Counterfeit currency gang busted : ਖਰੜ : ਸਦਰ ਖਰੜ ਪੁਲਿਸ ਨੇ ਜਾਅਲੀ ਨੋਟਾਂ ਦੀ ਕਰੰਸੀ ਦਾ ਗੋਰਖਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 9 ਲੱਖ 18 ਹਜ਼ਾਰ 600 ਰੁਪਏ ਦੀ ਜਾਅਲੀ ਕਰੰਸੀ, ਨੋਟ ਤਿਆਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲਾ ਪ੍ਰਿੰਟਰ, ਸਕੈਨਰ, ਦੋ ਸਕੇਲ, ਪਲਾਸਟਿਕ-ਟ੍ਰੇ, ਕੈਮੀਕਲ ਤੇ ਦੋ ਕਟਰ ਬਰਾਮਦ ਹੋਏ ਹਨ। ਦੋਸ਼ੀਆਂ ਦੀ ਪਛਾਣ ਜਗਤਾਰ ਸਿੰਘ ਉਰਫ ਤਾਰੀ ਤੇ ਉਸ ਦੀ ਪਤਨੀ ਪਾਰਵਤੀ ਦੇਵੀ ਉਰਫ ਭੋਲੀ ਨਿਵਾਸੀ ਪਿੰਡ ਬਾਮਨ ਮਾਜਰਾ ਸਰਹਿੰਦ, ਮੰਡੀ ਗੋਬਿੰਦਗੜ੍ਹ, ਜਸਪ੍ਰੀਤ ਸਿੰਘ ਉਰਫ ਜੱਸੀ ਨਿਵਾਸੀ ਪਿੰਡ ਚੋਮੋ ਜ਼ਿਲ੍ਹਾ ਲੁਧਿਆਣਾ ਤੇ ਕਮਲੇਸ਼ ਸ਼ਰਮਾ ਨਾਂ ਦੀ ਔਰਤ ਵਜੋਂ ਵੱਜੋਂ ਹੋਈ ਹੈ। ਉਕਤ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐੱਸਪੀ (ਦਿਹਾਤ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਉਕਤ ਦੋਸ਼ੀ ਮੌਜੂਦਾ ਸਮੇਂ ਵਿੱਚ ਚੱਲਦੀ ਕੋਵਿਡ-19 ਦੀ ਮਹਾਮਾਰੀ ਦੌਰਾਨ ਬਿਨਾਂ ਕੰਮ ਕੀਤੇ ਆਪਣੇ ਗੋਰਖਧੰਦਿਆਂ ਰਾਹੀਂ ਪਬਲਿਕ ਨੂੰ ਗੁੰਮਰਾਹ ਕਰਕੇ ਮੋਟੀ ਰਕਮ ਵਸੂਲ ਰਹੇ ਸਨ। ਐੱਸਐੱਚਓ ਸਦਰ ਖਰੜ ਸੁਖਬੀਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਗਤਾਰ ਸਿੰਘ ਤੇ ਉਸ ਦੀ ਪਤਨੀ ਭੋਲੀ ਨੂੰ ਬੱਸ ਸਟੈਂਡ ਦੇ ਕੋਲ ਦਾਊਂਮਾਜਰਾ ਮੋੜ ’ਤੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੂੰ ਦੋਸ਼ੀਆਂ ਤੋਂ ਛੇ ਲੱਖ 26 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ।
ਉਕਤ ਪਤੀ-ਪਤਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਦੋਵਾਂ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਉਕਤ ਦੋਸ਼ੀਆਂ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਲੋਕਾਂ ਨਾਲ ਸੰਪਰਕ ਕਰਕੇ ਪਹਿਲਾਂ ਉਨਹਾਂ ਨੂੰ ਅਸਲੀ ਭਾਰਤੀ ਕਰੰਸੀ ਦੇ ਨੋਟ ਸੈਂਪਲ ਵਜੋਂ ਦਿੰਦੇ ਸਨ ਅਤੇ ਉਨ੍ਹਾਂ ਦੀ ਤਸੱਲੀ ਹੋਣ ’ਤੇ ਗਾਹਕ ਉਨ੍ਹਾਂ ’ਤੇ ਭਰੋਸਾ ਕਰ ਲੈਂਦੇ ਸਨ, ਦੁਬਾਰਾ ਉਨ੍ਹਾਂ ਤੋਂ ਅਸਲ ਰਕਮ ਹਾਸਲ ਕਰਕੇ ਉਸ ਦੇ ਬਦਲੇ ਤਿਆਰ ਕੀਤੀ ਗਈ ਜਾਅਲੀ ਕਰੰਸੀ ਦੇ ਦਿੰਦੇ ਸਨ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਪਤੀ-ਪਤਨੀ ਪਿਛਲੇ ਕਈ ਸਾਲਾਂ ਤੋਂ ਜਾਅਲੀ ਭਾਰਤੀ ਕਰੰਸੀ ਨੋਟਾਂ ਦਾ ਧੰਦਾ ਕਰਦੇ ਆ ਰਹੇ ਹਨ। ਉਨ੍ਹਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਪੁਲਿਸ ਨੇ ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਜਸਪ੍ਰੀਤ ਸਿੰਘ ਉਰਫ ਜੱਸੀ ਨੂੰ ਲਾਂਡਰਾ ਰੋਡ ਖਰੜ ਦੇ ਕੋਲ ਪਿੰਡ ਸੰਤੇਮਾਜਰਾ ਦੇ ਕੋਲ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੋਂ ਇਕ ਲੱਖ 56 ਹਜ਼ਾਰ 400 ਰੁਪਏ ਦੀ ਜਾਅਲੀ ਕਰੰਸੀ, ਜਾਅਲੀ ਨੋਟ ਤਿਆਰ ਕਰਨ ਵਾਲਾ ਪ੍ਰਿੰਟਰ, ਸਕੈਨਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਜੱਸੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਉਥੇ, ਪਾਰਬਤੀ ਉਰਫ ਭੋਲੀ ਦੀ ਨਿਸ਼ਾਨਦੇਹੀ ’ਤੇ ਕਮਲੇਸ਼ ਸ਼ਰਮਾ ਉਰਫ ਆਂਤਰਾ ਕਾਲੀਆ ਨਿਵਾਸੀ ਵਾਰਡ ਨੰਬਰ-13 ਜੀਟੀ ਰੋਡ, ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ 10 ਸਤੰਬਰ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਕਮਲੇਸ਼ ਸ਼ਰਮਾ ਤੋਂ ਇਕ ਲੱਖ 36 ਹਜ਼ਾਰ 200 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ ਹੈ।