509 Corona positive cases : ਟ੍ਰਾਈਸਿਟੀ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ’ਚ ਜਿਥੇ ਕੋਰੋਨਾ ਦੇ 305 ਮਾਮਲੇ ਸਾਹਮਣੇ ਆਏ ਉਥੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 269 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਉਧਰ ਮੋਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸ਼ੁੱਕਰਵਾਰ ਨੂੰ 200 ਦਾ ਅੰਕੜਾ ਪਾਰ ਕਰਕੇ 204 ਤੱਕ ਪਹੁੰਚ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ 271 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਦੱਸਣਯੋਗ ਹੈ ਕਿ ਮੋਹਾਲੀ ਦੇ ਗ੍ਰੇਸੀਅਨ ਹਸਪਤਾਲ ਵਿੱਚ ਦਾਖਲ ਸੈਕਟਰ-32 ਦੀ 83 ਸਾਲਾ ਬਜ਼ੁਰਗ ਔਰਤ ਨੇ ਅੱਜ ਦਮ ਤੋੜ ਦਿੱਤਾ। ਉਧਰ ਚੰਡੀਗੜ੍ਹ ਵਿੱਚ ਕੋਰੋਨਾ ਨਾਲ ਹੁਣ ਤੱਕ 83 ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 7292 ਹੋ ਗਈ ਹੈ। ਸ਼ਹਿਰ ਵਿੱਚ ਹੁਣ ਤੱਕ 4600 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ। ਇਸ ਸਮੇਂ ਸ਼ਹਿਰ ਵਿੱਚ ਕੋਰੋਨਾ ਦੇ 2606 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸਾਹਮਣੇ ਆਏ 305 ਮਰੀਜ਼ਾਂ ਦੇ ਸੰਪਰਕ ਵਿੱਚ ਆਏ 137 ਸ਼ੱਕੀ ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਵਾਸਤੇ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੁਪਹਿਰ ਤੱਕ ਆ ਜਾਏਗੀ। ਸ਼ਹਿਰ ਵਿੱ ਹੁਣ ਤੱਕ 45,336 ਲੋਕਾਂ ਦੇ ਕੋਰੋਨਾ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 37,772 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 272 ਲੋਕਾਂ ਦੇ ਕੋਰੋਨਾ ਸੈਂਪਲ ਤਕਨੀਕੀ ਖਾਮੀਆਂ ਕਰਕੇ ਖਾਰਿਜ ਕਰ ਦਿੱਤੇ ਗਏ।