Dhanbad Express to run : ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 6 ਮਹੀਨਿਆਂ ਬਾਅਦ 14 ਸਤੰਬਰ ਤੋਂ ਧਨਬਾਦ ਐਕਸਪ੍ਰੈੱਸ ਟ੍ਰੇਨ ਚੱਲੇਗੀ। ਟ੍ਰੇਨ ਚੱਲਣ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਟ੍ਰੇਨ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਰੇਲ ਅਧਿਕਾਰੀਆਂ ਮੁਤਾਬਕ 12 ਸਤੰਬਰ ਤੋਂ ਧਨਬਾਦ ਤੋਂ ’ਧਨਬਾਦ ਐਕਸਪ੍ਰੈੱਸ’ ਟ੍ਰੇਨ ਚੱਲੇਗੀ, ਜੋ 14 ਸਤੰਬਰ ਨੂੰ ਪਹੁੰਚੇਗੀ ਅਤੇ 14 ਸਤੰਬਰ ਨੂੰ ਹੀ ਫਿਰੋਜ਼ਪੁਰ ਤੋਂ ਧਨਬਾਦ ਨੂੰ ਵਾਪਿਸ ਜਾਏਗੀ।
ਰੇਲ ਅਧਿਕਾਰੀਆਂ ਮੁਤਾਬਕ ਕੋਵਿਡ-19 ਕਾਰਨ ਕੇਂਦਰ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਟ੍ਰੇਨ ਵਿੱਚ ਉਹੀ ਲੋਕ ਸਫਰ ਕਰ ਸਕਣਗੇ, ਜਿਨ੍ਹਾਂ ਦਾ ਟਿਕਟ ਕਨਫਰਮ ਹੋਵੇਗਾ। ਬਿਨਾਂ ਕਨਫਰਮ ਟਿਕਟ ਦੇ ਕੋਈ ਵੀ ਯਾਤਰੀ ਸਫਰ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਯਾਤਰੀ ਦੇ ਮੂੰਹ ’ਤੇ ਮਾਸਕ ਹੋਣਾ ਜ਼ਰੂਰੀ ਹੈ। ਸਟੇਸ਼ਨ ’ਚ ਦਾਖਲ ਹੁੰਦੇ ਸਮੇਂ ਯਾਤਰੀਆਂ ਦੇ ਮੂੰਹ ’ਤੇ ਮਾਸਕ ਹੋਣਾ ਜ਼ਰੂਰੀ ਹੈ। ਸਟੇਸ਼ਨ ਵਿੱਚ ਦਾਖਲ ਕਰਦੇ ਸਮੇਂ ਯਾਤਰੀਆਂ ਨੂੰ ਸੈਨੇਟਾਈਜ਼ ਕੀਤਾ ਜਾਏਗਾ। ਧਨਬਾਦ ਤੋਂ ਜਦੋਂ ਟ੍ਰੇਨ ਫਿਰੋਜ਼ਪੁਰ ਪਹੁੰਚੇਗੀ, ਉਸ ਨੂੰ ਧੋਣ ਤੋਂ ਇਲਾਵਾ ਸੈਨੇਟਾਈਜ਼ ਵੀ ਕੀਤਾ ਜਾਏਗਾ।
ਉਧਰ, ਸੰਤੋਖ ਸਿੰਘ ਤੇ ਹੀਰਾ ਨੇ ਦੱਸਿਆ ਕਿ ਧਨਬਾਦ ਐਕਸਪੈੱਸ ਟ੍ਰੇਨ ਚੱਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਜਿਹੜੇ ਮਜ਼ਦੂਰ ਕੋਵਿਡ-19 ਦੀ ਸ਼ੁਰੂਆਤ ਵਿੱਚ ਬਿਹਾਰ ਤੇ ਹੋਰ ਸੂਬਿਆਂ ਵਿੱਚ ਚਲੇ ਗਏ ਸਨ, ਇਸ ਟ੍ਰੇਨ ਰਾਹੀਂ ਦੁਬਾਰਾ ਕੰਮਕਾਜ ਨੂੰ ਪਰਤ ਸਕਦੇ ਹਨ। ਇਹ ਟ੍ਰੇਨ ਪਹਿਲਾਂ ਵੀ ਪੂਰੀ ਤਰ੍ਹਾਂ ਭਰ ਕੇ ਜਾਂਦੀ ਸੀ ਅਤੇ ਹੁਣ ਵੀ ਇਸ ਟ੍ਰੇਨ ਦੀ ਕਾਫੀ ਮੰਗ ਹੈ। ਇਸ ਲਈ ਰੇਲਵੇ ਨੇ ਫਿਰੋਜ਼ਪੁਰ ਤੋਂ ਧਨਬਾਦ ਲਈ ਧਨਬਾਦ ਐਕਸਪ੍ਰੈੱਸ ਟ੍ਰੇਨ ਚਲਾਈ ਹੈ। ਛੇ ਮਹੀਨਿਆਂ ਬਾਅਦ ਫਿਰੋਜ਼ਪੁਰ ਤੋਂ ਪਹਿਲੀ ਟ੍ਰੇਨ 14 ਸਤੰਬਰ ਤੋਂ ਚੱਲੇਗੀ। ਇਸ ਦੇ ਰਾਹੀਂ ਲੋਕ ਲੁਧਿਆਣਾ, ਅੰਬਾਲਾ ਤੇ ਹੋਰ ਸ਼ਹਿਰ ਜਾ ਸਕਦੇ ਹਨ।