national battle of saragarhi: ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਬੇਮਿਸਾਲ ਹੌਂਸਲੇ ਨੇ ਸਾਰਾਗੜ੍ਹੀ ਦੀ ਲੜਾਈ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਅਮਰ ਕਰ ਦਿੱਤਾ ਹੈ। 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ 21 ਸਿੱਖਾਂ ਨੇ 10,000 ਤੋਂ ਵੱਧ ਅਫ਼ਗਾਨ ਸੈਨਿਕਾਂ ਨੂੰ ਧੂੜ ਚਟਾ ਦਿੱਤੀ ਸੀ। ਇਸ ਯੁੱਧ ਨੇ ਬਲੀਦਾਨ ਅਤੇ ਬਹਾਦਰੀ ਦੀ ਇੱਕ ਨਵੀਂ ਕਹਾਣੀ ਲਿਖੀ ਸੀ। ਸਾਰਾਗੜ੍ਹੀ ਦੀ ਲੜਾਈ ‘ਤੇ ਕੇਸਰੀ ਫਿਲਮ ਵੀ ਬਣੀ ਹੈ। ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਦੇ ਕੋਹਾਟ ਜ਼ਿਲ੍ਹੇ ਵਿੱਚ ਲੱਗਭਗ 6000 ਫੁੱਟ ਦੀ ਉਚਾਈ ਤੇ ਸਥਿਤ ਹੈ। 1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਉਥੇ ਤਿੰਨ ਚੌਂਕੀਆਂ ਬਣਾਈਆਂ ਸੀ ਪਰ ਅਫ਼ਗਾਨਾਂ ਨੇ ਇਸ ਦਾ ਵਿਰੋਧ ਕੀਤਾ। ਬਾਅਦ ਵਿੱਚ ਅੰਗਰੇਜ਼ਾਂ ਨੂੰ ਇਹ ਜਗ੍ਹਾ ਖਾਲੀ ਕਰਨੀ ਪਈ ਸੀ। 1891 ‘ਚ ਬ੍ਰਿਟਿਸ਼ ਨੇ ਦੁਬਾਰਾ ਮੁਹਿੰਮ ਚਲਾਈ ਅਤੇ ਗੁਲਿਸਤਾਨ, ਲੋਕਹਾਰਟ ਅਤੇ ਸਾਰਾਗੜ੍ਹੀ ਵਿਖੇ ਤਿੰਨ ਛੋਟੇ ਕਿਲ੍ਹੇ ਬਣਾਉਣ ਦੀ ਆਗਿਆ ਦਿੱਤੀ। ਫਿਰ ਵੀ ਸਥਾਨਕ ਅਫਗਾਨ ਬ੍ਰਿਟਿਸ਼ ਦੇ ਵਿਰੋਧ ‘ਚ ਖੜੇ ਹੋ ਗਏ। 27 ਅਗਸਤ ਤੋਂ 11 ਸਤੰਬਰ 1897 ਦੇ ਵਿਚਕਾਰ, ਅਫਗਾਨਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ ‘ਤੇ ਕਬਜ਼ਾ ਕਰਨ ਲਈ ਕਈ ਹਮਲੇ ਕੀਤੇ। ਪਰ 36 ਵੀਂ ਸਿੱਖ ਰੈਜੀਮੈਂਟ ਨੇ ਹਰ ਵਾਰ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ। ਆਖਰਕਾਰ 12 ਸਤੰਬਰ 1897 ਨੂੰ 10 ਹਜ਼ਾਰ ਅਫਗਾਨਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ।
12 ਸਤੰਬਰ ਦੀ ਸਵੇਰ ਨੂੰ ਲੱਗਭਗ 10,000 ਅਫਗਾਨਾਂ ਨੇ ਸਾਰੇ ਪਾਸਿਓਂ ਕਿਲ੍ਹੇ ਨੂੰ ਘੇਰ ਲਿਆ। ਸਿਗਨਲ ਇੰਚਾਰਜ ਗੁਰਮੁਖ ਸਿੰਘ ਨੇ ਹਮਲਾ ਹੁੰਦੇ ਹੀ ਲੈਫਟੀਨੈਂਟ ਕਰਨਲ ਜੌਨ ਹਾਫਟਨ ਨੂੰ ਸੂਚਿਤ ਕੀਤਾ। ਕਿਲ੍ਹੇ ਤੱਕ ਪਹੁੰਚਣਾ ਮੁਸ਼ਕਿਲ ਸੀ। ਸਿਪਾਹੀਆਂ ਨੂੰ ਫਰੰਟ ਤੇ ਰਹਿਣ ਦੇ ਆਦੇਸ਼ ਪ੍ਰਾਪਤ ਹੋਏ। ਲਨਸਨਾਇਕ ਲਾਭ ਸਿੰਘ ਅਤੇ ਭਗਵਾਨ ਸਿੰਘ ਨੇ ਆਪਣੀਆਂ ਰਾਈਫਲਾਂ ਚੁੱਕੀਆਂ ਅਤੇ ਦੁਸ਼ਮਣਾਂ ‘ਤੇ ਟੁੱਟ ਪਏ। ਦੁਸ਼ਮਣਾਂ ਨੂੰ ਗੋਲੀ ਨਾਲ ਭੁੰਨ ਦੇ ਹੋਏ ਅੱਗੇ ਵਧਦਿਆਂ ਭਗਵਾਨ ਸਿੰਘ ਸ਼ਹੀਦ ਹੋ ਗਿਆ। ਸਿੱਖ ਫੌਜ ਦੇ ਸਿਪਾਹੀ ਗੁਰਮੁਖ ਸਿੰਘ ਨੇ ਬ੍ਰਿਟਿਸ਼ ਅਧਿਕਾਰੀ ਨੂੰ ਕਿਹਾ- “ਭਾਵੇਂ ਅਸੀਂ ਗਿਣਤੀ ‘ਚ ਘੱਟ ਹੋ ਰਹੇ ਹਾਂ, ਪਰ ਹੁਣ ਸਾਡੇ ਹੱਥਾਂ ‘ਚ 2-2 ਬੰਦੂਕਾਂ ਆ ਗਈਆਂ ਹਨ। ਅਸੀਂ ਆਖਰੀ ਸਾਹ ਤੱਕ ਲੜਾਂਗੇ।” ਇਹ ਕਹਿੰਦਿਆਂ ਉਹ ਵੀ ਲੜਾਈ ਵਿੱਚ ਕੁੱਦ ਗਿਆ। ਦੂਜੇ ਪਾਸੇ, ਸਿੱਖਾਂ ਦੇ ਹੋਂਸਲੇ ਨਾਲ ਦੁਸ਼ਮਣਾਂ ‘ਚ ਇੱਕ ਹੱਲਚਲ ਮੱਚ ਗਈ। ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਕਿਲ੍ਹੇ ਦੇ ਅੰਦਰ ਅਜੇ ਵੀ ਇੱਕ ਵੱਡੀ ਫੌਜ ਹੈ।
ਅਫ਼ਗਾਨਾਂ ਨੇ ਕਿਲ੍ਹੇ ‘ਤੇ ਕਬਜ਼ਾ ਕਰਨ ਲਈ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਹੌਲਦਾਰ ਈਸ਼ਰ ਸਿੰਘ ਨੇ ਆਪਣੀ ਟੀਮ ਨਾਲ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਅਰੇ ਲਗਾਏ ਅਤੇ ਦੁਸ਼ਮਣਾਂ ‘ਤੇ ਟੁੱਟ ਪਏ। ਦੋਵਾਂ ਪਾਸਿਆਂ ਤੋਂ ਹੱਥੋਂਪਾਈ ਹੋਏ ਸਿੱਖਾਂ ਨੇ 20 ਤੋਂ ਵੱਧ ਦੁਸ਼ਮਣ ਮਾਰ ਦਿੱਤੇ। ਲੜਦੇ-ਲੜਦੇ ਸਵੇਰ ਤੋਂ ਰਾਤ ਹੋ ਗਈ ਅਤੇ ਅੰਤ ਵਿੱਚ ਸਾਰੇ 21 ਸਿਪਾਹੀ ਸ਼ਹੀਦ ਹੋ ਗਏ। ਪਰ ਉਦੋਂ ਤੱਕ ਉਨ੍ਹਾਂ ਨੇ ਲੱਗਭਗ 500 ਤੋਂ 600 ਅਫਗਾਨਾਂ ਨੂੰ ਮਾਰ ਮੁਕਾਇਆ ਸੀ। ਇਸ ਲੜਾਈ ਨੇ ਦੁਸ਼ਮਣਾਂ ਨੂੰ ਥਕਾ ਦਿੱਤਾ ਅਤੇ ਉਨ੍ਹਾਂ ਦੀ ਰਣਨੀਤੀ ਵੀ ਅਸਫਲ ਕਰ ਦਿੱਤੀ। ਨਤੀਜੇ ਵਜੋਂ, ਉਹ ਅਗਲੇ ਦੋ ਦਿਨਾਂ ਵਿੱਚ ਬ੍ਰਿਟਿਸ਼ ਫੌਜ ਤੋਂ ਹਾਰ ਗਏ। ਬ੍ਰਿਟਿਸ਼ ਸੰਸਦ ‘ਹਾਊਸ ਆਫ ਕਾਮਨਜ਼’ ਨੇ ਇਨ੍ਹਾਂ ਸੈਨਿਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸਾਰੇ 21 ਸ਼ਹੀਦ ਸਿਪਾਹੀਆਂ ਨੂੰ ਪਰਮ ਵੀਰ ਚੱਕਰ ਦੇ ਬਰਾਬਰ ਵਿਕਟੋਰੀਆ ਕਰਾਸ ਨਾਲ ਨਿਵਾਜਿਆ ਗਿਆ। ਸਾਰਾਗੜ੍ਹੀ ਦੀ ਇਸ ਲੜਾਈ ਨੂੰ ਅੱਜ ਵੀ ਬ੍ਰਿਟੇਨ ਵਿੱਚ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਹਰ ਸਾਲ 12 ਸਤੰਬਰ ਨੂੰ ‘ਸਾਰਾਗੜ੍ਹੀ ਦਿਵਸ’ ਮਨਾਉਂਦੀ ਹੈ।