In Haryana Ex army man : ਹਰਿਆਣਾ ਸਰਕਾਰ ਨੇ ਨਾਜਾਇਜ਼ ਮਾਈਨਿੰਗ ’ਤੇ ਹੋਰ ਲਗਾਮ ਕੱਸਣ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਅਧੀਨ ਸਾਬਕਾ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹਰਿਆਣਾ ਸਰਕਾਰ ਹੁਣ ਸੂਬੇ ਵਿੱਚ ਸਾਬਕਾ ਫੌਜੀਆਂ ਨੂੰ ਨਾਜਾਇਜ਼ ਮਾਈਨਿੰਗ ਦੀ ਨਿਗਰਾਨੀ ਦਾ ਜ਼ਿੰਮਾ ਸੌਂਪੇਗੀ। ਸਰਕਾਰ ਦਾ ਮੰਨਣਾ ਹੈ ਕਿ ਸਾਬਕਾ ਫੌਜੀ ਇਸ ਕੰਮ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਹਨ। ਇਸੇ ਦੇ ਚੱਲਦਿਆਂ ਸੂਬੇ ਦੀ ਸਰਕਾਰ ਨੇ ਸੂਬੇ ਵਿੱਚ ਇਨ੍ਹਾਂ ਸਾਬਕਾ ਫੌਜੀਆਂ ਨੂੰ ਮਾਈਨਿੰਗ ਗਾਰਡ ਵਜੋਂ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਸੂਬਾ ਸਰਕਾਰ ਵਿੱਚ ਮਾਈਨਿੰਗ ਗਾਰਡ ਦੇ ਅਹੁਦੇ ਵੀ ਪੈਦਾ ਕੀਤੇ ਗਏ ਹਨ।
ਸਰਕਾਰ ਨੇ ਫਿਲਹਾਲ ਖਾਨ ਤੇ ਭੂ-ਵਿਗਿਆਨ ਵਿਭਾਗ ਵਿੱਚ ਮਾਈਨਿੰਗ ਗਾਰਡਸ ਦੇ 111 ਅਹੁਦੇ ਕੱਢਣ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ। ਮਾਈਨਿੰਗ ਗਾਰਡ ਦੇ ਇਨ੍ਹਾਂ 111 ਅਹੁਦਿਆਂ ਨੂੰ ਆਊਟਸੋਰਸਿੰਗ ਨੀਤੀ ਅਧੀਨ ਸਾਬਕਾ ਫੌਜੀਆਂ ਵਿੱਚੋਂ ਭਰਿਆ ਜਾਵੇਗਾ। ਇਨ੍ਹਾਂ ਅਹੁਦਿਆਂ ਕਾਰਨ ਹੋਣ ਵਾਲਾ ਖਰਚ ਨੂੰ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਬਜਟ ਰਾਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਖਨਨ ਮੰਤਰੀ ਮੂਲਚੰਦ ਸ਼ਰਮਾ ਨੇ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਮੀਖਿਆ ਬੈਠਕ ਵਿੱਚ ਸਪੱਸ਼ਟ ਹਿਦਾਇਤਾਂ ਦਿੱਤੀਆਂ ਸਨ ਕਿ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ। ਇਸ ਗੋਰਖਧੰਦੇ ਵਿੱਚ ਸ਼ਾਮਲ ਲੋਕਾਂ ਨਾਲ ਵੀ ਪੂਰੀ ਸਖਤੀ ਨਾਲ ਨਜਿੱਠਿਆ ਜਾਵੇਗਾ। ਇਸੇ ਕੜੀ ਵਿੱਚ ਹੁਣ ਸਰਕਾਰ ਨੇ ਸਾਬਕਾ ਫੌਜੀਆਂ ਨੂੰ ਮਾਈਨਿੰਗ ਗਾਰਡ ਬਣਆ ਕੇ ਫੀਲਡ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।