govt given relief to the pensioners: ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਕੇਂਦਰ ਸਰਕਾਰ ਨੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਤਹਿਤ ਹੁਣ ਸਾਰੇ ਪੈਨਸ਼ਨਰ 31 ਦਸੰਬਰ ਤੱਕ ਇੱਕ ਮਹੱਤਵਪੂਰਨ ਸਰਟੀਫਿਕੇਟ ਜਮ੍ਹਾ ਕਰਾ ਸਕਣਗੇ। ਦਰਅਸਲ, ਪੈਨਸ਼ਨਰ 1 ਨਵੰਬਰ ਤੋਂ 31 ਦਸੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ। ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਇਸ ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ, ਪੈਨਸ਼ਨ ਜਾਰੀ ਰੱਖਣ ਲਈ ਲਾਈਫ ਸਰਟੀਫਿਕੇਟ ਸਿਰਫ ਨਵੰਬਰ ਦੇ ਮਹੀਨੇ ਵਿੱਚ ਜਮ੍ਹਾ ਕੀਤਾ ਜਾ ਸਕਦਾ ਸੀ। ਜਿਤੇਂਦਰ ਸਿੰਘ ਨੇ ਦੱਸਿਆ ਕਿ ਇਹ ਕਦਮ ਮਹਾਂਮਾਰੀ ਅਤੇ ਬਜ਼ੁਰਗਾਂ ਨੂੰ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਮੰਤਰੀ ਨੇ ਕਿਹਾ, “ਸਾਰੇ ਕੇਂਦਰ ਸਰਕਾਰ ਦੇ ਪੈਨਸ਼ਨਰ 1 ਨਵੰਬਰ, 2020 ਤੋਂ 31 ਦਸੰਬਰ, 2020 ਤੱਕ ਜੀਵਨ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ।”
ਕੇਂਦਰੀ ਮੰਤਰੀ ਨੇ ਕਿਹਾ ਕਿ ਵਧਾਈ ਮਿਆਦ ਦੇ ਦੌਰਾਨ ਅਧਿਕਾਰੀ ਬਿਨਾਂ ਕਿਸੇ ਰੁਕਾਵਟ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਅਦਾ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦਾ ਸਮਾਂ ਵੱਧਣ ਕਾਰਨ ਬਜ਼ੁਰਗਾਂ ਨੂੰ ਕਾਫ਼ੀ ਰਾਹਤ ਮਿਲੇਗੀ। ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਂਕ ਸ਼ਾਖਾਵਾਂ ਵਿੱਚ ਭੀੜ ਤੋਂ ਬੱਚਣ ਲਈ ਬੈਂਕਾਂ ਨੂੰ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿੱਚ ਪੈਨਸ਼ਨਰਾਂ ਤੋਂ ਜੀਵਨ ਸਰਟੀਫਿਕੇਟ ਇਕੱਤਰ ਕਰਨ ਲਈ ਵੀਡੀਓ ਅਧਾਰਤ ਗਾਹਕ ਪਛਾਣ ਪ੍ਰੀਕ੍ਰਿਆ (ਵੀ-ਸੀਆਈਪੀ) ਵਰਤਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ।