Fraud of Rs 15 lakh : ਚੰਡੀਗੜ੍ਹ : ਚੰਡੀਗੜ੍ਹ ਵਿੱਚ ਇਕ ਵਿਅਕਤੀ ਤੋਂ ਲਗਭਗ 15 ਲੱਖ ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਉਸ ਨੂੰ ਮੈਸੇਜ ਆਇਆ ਕਿ ’ਮੈਂ ਯੂਨਾਈਟੇਡ ਕਿੰਗਡਮ (ਯੂਕੇ) ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਕੈਂਸਰ ਹੋ ਗਿਆ ਹੈ। ਮੇਰੇ ਪਰਿਵਾਰ ਵਿੱਚ ਕੋਈ ਨਹੀਂ ਹੈ ਅਤੇ ਮੇਰੇ ਕੋਲ ਬਹੁਤ ਪੈਸਾ ਹੈ। ਇਸ ਪੈਸੇ ਨੂੰ ਲੋੜਵੰਦਾਂ ਵਿੱਚ ਵੰਡਣਾ ਚਾਹੁੰਦੀ ਹਾਂ।’ ਇਸ ਤਰ੍ਹਾਂ ਝਾਂਸਾ ਦੇ ਕੇ ਡੇਢ ਲੱਖ ਪੌਂਡ ਕੋਰੀਅਰ ਰਾਹੀਂ ਭੇਜਣ ਦੇ ਨਾਂ ’ਤੇ ਸਾਈਬਰ ਕ੍ਰਿਮਨਲ ਨੇ ਸੈਕਟਰ-21ਡੀ ਵਿੱਚ ਰਹਿਣ ਵਾਲੇ ਵਿਅਕਤੀ ਤੋਂ 14 ਲੱਖ 62 ਹਜ਼ਾਰ 730 ਰੁਪਏ ਦੀ ਆਨਲਾਈਨ ਠੱਗੀ ਕਰ ਲਈ। ਪੀੜਤ ਡਰਾਈਵਰ ਦੀ ਨੌਕਰੀ ਕਰਦਾ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਧੋਖਾਧੜੀ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਸਾਧੋ ਸਿੰਘ ਰਾਣਾ ਨੇ ਦੱਸਿਆ ਕਿ ਉਸ ਦੇ ਫੇਸਬੁੱਕ ਮੈਸੇਂਜਰ ’ਤੇ ਚੰਦਾ ਨਾਂ ਦੀ ਔਰਤ ਦਾ 221706256381 ਨੰਬਰ ’ਤੇ ਸੰਪਰਕ ਕਰਨ ਲਈ ਇੱਕ ਮੈਸੇਜ ਆਇਆ ਸੀ। ਇਸ ਨੰਬਰ ’ਤੇ ਸੰਪਰਕ ਕਰਨ ਤੋਂ ਬਾਅਦ ਔਰਤ ਨੇ ਆਪਣਾ ਨਾਂ ਬ੍ਰੇਂਡਾਮਾਨਾ ਕਾਵਾ ਦੱਸ ਦੇ ਮੂਲ ਤੌਰ ’ਤੇ ਯੂਕੇ ਦੀ ਰਹਿਣ ਵਾਲੀ ਦੱਸਿਆ। ਉਸ ਨੇ ਮੈਸੇਜ ਰਾਹੀਂ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੂੰ ਵੀ ਕੈਂਸਰ ਹੋ ਗਿਆ ਹੈ। ਉਸ ਦੇ ਕੋਲ ਬਹੁਤ ਸਾਰਾ ਪੈਸਾ ਹੋ ਜੋ ਉਹ ਗਰੀਬਾਂ ਵਿੱਚ ਵੰਡ ਕੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੀ ਹੈ।
ਸ਼ਿਕਾਇਤਕਰਤਾ ਨੂੰ ਔਰਤ ਨੇ ਯੂਕੇ ਤੋਂ ਕੋਰੀਅਰ ਰਾਹੀਂ ਡੇਢ ਲੱਖ ਪੌਂਡ ਭੇਜਣ ਦੀ ਗੱਲ ਦੱਸੀ, ਜਿਸ ਤੋਂ ਕੁਝ ਦਿਨ ਬਾਅਦ ਉਸ ਨੂੰ ਯੂਨਿਕ ਐਕਸਪ੍ਰੈੱਸ ਕੋਰੀਅਰ ਸਰਵਿਸ ਤੋਂ ਇਕ ਵਿਅਕਤੀ ਦਾ ਕਾਲ ਆਇਆ। ਉਸ ਨੇ ਯੂਕੇ ਤੋਂ ਕੋਰੀਅਰ ਆਉਣ ਦੀ ਜਾਣਕਾਰੀ ਦੇ ਕੇ 48 ਹਜ਼ਾਰ 700 ਰੁਪਏ ਸਰਵਿਸ ਚਾਰਜ ਦੱਸਿਆ ਸੀ। ਉਸ ਦੇ ਅਕਾਊਂਟ ਨੰਬਰ ’ਤੇ ਪੈਸੇ ਟਰਾਂਸਫਰ ਕਰਨ ਤੋਂ ਬਾਅਦ ਦੁਬਾਰਾ ਤੋਂ ਉਸ ਨੇ ਯੂਨਾਈਟੇਡ ਨੈਸ਼ਨਲ ਆਫਿਸ ਵਿੱਚ ਕੋਰੀਅਰ ਦੇ ਦਸਤਾਵੇਜ਼ ਬਣਵਾਉਣ ਲਈ ਇੱਕ ਲੱਖ 60 ਹਜ਼ਾਰ ਰੁਪਏ ਟਰਾਂਸਫਰ ਕਰਵਾਏ। ਇਸੇ ਤਰ੍ਹਾਂ ਵੱਖ-ਵੱਖ ਚਾਰਜ ਦੱਸ ਦੋਸ਼ੀਆਂ ਨੇ ਉਸ ਤੋਂ 14 ਲੱਖ 62 ਹਜ਼ਾਰ 730 ਰੁਪੇ ਦੀ ਆਨਲਾਈਨ ਠੱਗੀ ਕਰ ਲਈ, ਜਿਸ ਤੋਂ ਬਾਅਦ ਉਸ ਨੇ ਸਾਈਬਰ ਸੈੱਲ ਅਤੇ ਸੈਕਟਰ-19 ਥਾਣਾ ਪੁਲਿਸ ਨੂੰ ਦਿੱਤੀ।