Increase in water prices : ਚੰਡੀਗੜ੍ਹ ਨਗਰ ਨਿਗਮ ਨੇ ਕੋਰੋਨਾ ਕਾਲ ਵਿੱਚ ਪਾਣੀ ਦੀਆਂ ਕੀਮਤਾਂ ਵਧਾ ਕੇ ਸ਼ਹਿਰ ਵਾਸੀਆਂ ਨੂੰ ਝਟਕਾ ਦਿੱਤਾ ਹੈ। ਪਹਿਲਾਂ ਸ਼ਹਿਰਵਾਸੀਆਂ ਨੂੰ ਮਹੀਨੇ ਵਿੱਚ 31 ਤੋਂ 60 ਕਿਲੋ (ਕੇਐੱਲ) ਪਾਣੀ ਦਾ ਇਸਤੇਮਾਲ ਕਰਨ ’ਤੇ 6 ਰੁਪਏ ਪ੍ਰਤੀ ਕੇਐੱਲ ਦੇ ਹਿਸਾਬ ਨਾਲ ਬਿੱਲ ਦੇਣਾ ਪੈਂਦਾ ਸੀ, ਪਰ ਹੁਣ ਦੁੱਗਣੀਆਂ ਕੀਮਤਾਂ 12 ਰੁਪਏ ਪ੍ਰਤੀ ਕੇਐੱਲ ਦੇ ਹਿਸਾਬ ਨਾਲ ਅਦਾ ਕਰਨਾ ਹੋਵੇਗਾ। ਯੂਟੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ।
ਨਗਰ ਨਿਗਮ ਸਦਨ ਦੀ ਫਰਵਰੀ ਵਿੱਚ ਹੋਈ ਬੈਠਕ ਵਿੱਚ ਪਾਣੀ ਦੀਆਂ ਕੀਮਤਾਂ ਨੂੰ ਵਧਾਉਣ ਦੇ ਮਤੇ ਨੂੰ ਮਨਜ਼ੂਰੀ ਮਿਲ ਚੁੱਕੀ ਸੀ। ਇਸ ਨੂੰ ਲੈ ਕੇ ਨਗਰ ਨਿਗਮ ਵਿੱਚ ਕਾਫੀ ਵਿਰੋਧ ਵੀ ਹੋਇਆ ਸੀ। ਪਾਣੀ ਦੇ ਰੇਟ ਵਧਣ ਦੇ ਏਜੰਡੇ ਦਾ ਕਾਂਗਰਸ ਕੌਂਸਲਰ ਦਵਿੰਦਰ ਸਿੰਘ ਬਬਲਾ, ਗੁਰਬਖਸ਼ ਰਾਵਤ ਅਤੇ ਸ਼ੀਲਾ ਦੇਵੀ ਨੇ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਜਦੋਂ ਪਾਣੀ ਦੇ ਰੇਟ ਵਧਾਉਣ ਦਾ ਏਜੰਡਾ ਪਾਸ ਕਰ ਦਿੱਤਾ ਗਿਆ ਤਾਂ ਕਾਂਗਰਸ ਕੌਂਸਲਰਾਂ ਨੇ ਸਦਨ ਦੀ ਬੈਠਕ ਤੋਂ ਵਾਕਆਊਟ ਕਰ ਦਿੱਤਾ ਸੀ। ਹਾਲਾਂਕਿ, ਫਿਰ ਵੀ ਸ਼ਹਿਰ ਵਿੱਚ ਪਾਣੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਹੁਕਮਾਂ ਅਧੀਨ ਹੁਣ 0-15 ਕਿਲੋ ਲੀਟਰ ਦੀ ਸਲੈਬ ਵਿੱਚ ਪਹਿਲਾਂ ਜਿੱਥੇ 2 ਰੁਪਏ ਕੇਐੱਲ ਦੇਣੇ ਪੈਂਦੇ ਸਨ, ਉਥੇ ਹੁਣ 3 ਰੁਪਏ ਕੇਐੱਲ ਦੇਣੇ ਪੈਣਗੇ। ਇਸੇ ਤਰ੍ਹਾਂ 16 ਤੋਂ 30 ਕੇਐੱਲ ਦੀ ਸਲੈਬ ਵਿੱਚ 4 ਰੁਪਏ ਕਿਲੋ ਲੀਟਰ ਦੀ ਜਗ੍ਹਾ 6 ਰੁਪਏ ਚੁਕਾਉਣੇ ਪੈਣਗੇ। 31 ਤੋਂ 60 ਕੇਐੱਲ ਦੀ ਸਲੈਬ ਵਿੱਚ 6 ਰੁਪਏ ਪ੍ਰਤੀ ਕੇਐੱਲ ਦੀ ਥਾਂ 12 ਰੁਪਏ ਪ੍ਰਤੀ ਕੇਐੱਲ ਚੁਕਾਉਣੇ ਪੈਣਗੇ। ਉਥੇ, 60 ਕੇਐੱਲ ਤੋਂ ਵੱਧ ਦੇ ਇਸਤੇਮਾਲ ’ਤੇ ਪਹਿਲਾਂ ਜਿਥੇ 8 ਰੁਪਏ ਪ੍ਰਤੀ ਕੇਐੱਲ ਚੁਕਾਉਣੇ ਪੈਂਦੇ ਸਨ, ਉਥੇ ਹੁਣ 24 ਰੁਪਏ ਪ੍ਰਤੀ ਕੇਐੱਲ ਚੁਕਾਉਣੇ ਪੈਣਗੇ। ਇਸ ਤੋਂ ਇਲਾਵਾ ਹਰ ਮਾਲੀ ਵਰ੍ਹੇ ਦੇ ਪਹਿਲੇ ਦਿਨ ਤੋਂ ਕੀਮਤ ਆਪਣੇ ਆਪ ਹੀ 3 ਫੀਸਦੀ ਵੱਧ ਜਾਣਗੀਆਂ, ਇਸ ਦੇ ਲਈ ਕਿਸੇ ਤਰ੍ਹਾਂ ਦਾ ਮਤਾ ਲਿਆਉਣ ਦੀ ਲੋੜ ਨਹੀਂ ਹਵੇਗੀ।