Serum Institute to Resume: ਪੂਰੀ ਦੁਨੀਆ ਜਿਸ ਕੋਰੋਨਾ ਵਾਇਰਸ ਵੈਕਸੀਨ ਦੇ ਇੰਤਜ਼ਾਰ ਵਿੱਚ ਹੈ, ਉਸ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ ਟ੍ਰਾਇਲ ਨੂੰ ਬ੍ਰਿਟੇਨ ਵਿੱਚ ਇੱਕ ਵਲੰਟੀਅਰ ਦੇ ਬੀਮਾਰ ਹੋਣ ਤੋਂ ਬਾਅਦ ਰੋਕਣਾ ਪਿਆ ਸੀ । ਚੰਗੀ ਗੱਲ ਇਹ ਹੈ ਕਿ ਇਸਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਸਬੰਧੀ ਆਕਸਫੋਰਡ ਯੂਨੀਵਰਸਿਟੀ ਦਾ ਬਿਆਨ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਦਰਅਸਲ, ਸ਼ਨੀਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਸਾਰੇ ਟੈਸਟਿੰਗ ਸੈਂਟਰਾਂ ਵਿੱਚ ਆਕਸਫੋਰਡ ਕੋਰੋਨਾ ਵੈਕਸੀਨ ਦੇ ਟ੍ਰਾਇਲ ਦੁਬਾਰਾ ਸ਼ੁਰੂ ਕੀਤੇ ਜਾਣਗੇ। ਵਿਸ਼ਵ ਪੱਧਰ ‘ਤੇ ਲਗਭਗ 18,000 ਲੋਕਾਂ ਨੇ ਅਧਿਐਨ ਟੀਕਾ ਪ੍ਰਾਪਤ ਕੀਤਾ ਹੈ। ਅਜਿਹੇ ਵੱਡੇ ਪ੍ਰੀਖਣਾਂ ਵਿੱਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੁਝ ਭਾਗੀਦਾਰ ਬੀਮਾਰ ਹੋ ਜਾਣਗੇ। ਇਸ ਲਈ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਬਾਅਦ ਭਾਰਤ ਵਿੱਚ ਆਕਸਫੋਰਡ ਵੈਕਸੀਨ ਨੂੰ ਵਿਕਸਿਤ ਕਰ ਰਹੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ। SII ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਨੂੰ ਟ੍ਰਾਇਲ ਖ਼ਤਮ ਹੋਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਸਿੱਟਾ ਨਹੀਂ ਕੱਢਣਾ ਚਾਹੀਦਾ। ਹਾਲੀਆ ਘਟਨਾਵਾਂ ਇਸਦੀ ਸਪੱਸ਼ਟ ਉਦਾਹਰਣ ਹਨ ਕਿ ਸਾਨੂੰ ਪ੍ਰਕ੍ਰਿਆ ਬਾਰੇ ਕੋਈ ਧਾਰਨਾ ਨਾ ਬਣਾ ਕੇ ਆਖਰੀ ਪੜਾਅ ਤੱਕ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਹ ਚੰਗੀ ਖ਼ਬਰ ਹੈ।
ਆਕਸਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਮਾਨਕ ਸਮੀਖਿਆ ਪ੍ਰਕਿਰਿਆ ਵਿੱਚ ਸਮੀਖਿਆ ਕਮੇਟੀ ਅਤੇ ਰਾਸ਼ਟਰੀ ਰੈਗੂਲੇਟਰਾਂ ਦੇ ਅਧੀਨ ਸਾਰੀਆਂ ਨਿਯੁਕਤੀਆਂ ਆਮ ਵਾਂਗ ਜਾਰੀ ਹਨ । ਜਿਸ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਹੈ ਕਿ ਕਮੇਟੀ ਅਤੇ UK ਰੈਗੂਲੇਟਰ ਦੋਵਾਂ ਦੀਆਂ ਸਿਫਾਰਸ਼ਾਂ ਦੇ ਬਾਅਦ ਯੂਕੇ ਵਿੱਚ ਵੈਕਸੀਨ ਦਾ ਟ੍ਰਾਇਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਉੱਥੇ ਹੀ ਦੂਜੇ ਪਾਸੇ UK ਦੀ ਮੈਡੀਕਲ ਰਿਸਰਚ ਕੌਂਸਲ ਦੀ ਕਾਰਜਕਾਰੀ ਪ੍ਰਧਾਨ ਪ੍ਰੋਫੈਸਰ ਫਿਓਨਾ ਵਾਟ ਨੇ ਕਿਹਾ ਕਿ ਕਿਸੇ ਵੀ ਨਵੀਂ ਦਵਾਈ ਨੂੰ ਵਿਕਸਿਤ ਕਰਨ ਵਿੱਚ ਸੁਰੱਖਿਆ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਲਈ ਇਹ ਸੁਣਨਾ ਬਹੁਤ ਹੌਸਲਾ ਦੇਣ ਵਾਲਾ ਹੈ ਕਿ ਆਕਸਫੋਰਡ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਇੱਕ ਸੁਤੰਤਰ ਸੁਰੱਖਿਆ ਕਮੇਟੀ ਅਤੇ MHRA ਵੱਲੋਂ ਕੀਤੀ ਸਮੀਖਿਆ ਤੋਂ ਬਾਅਦ ਦੁਬਾਰਾ ਸ਼ੁਰੂ ਹੋਵੇਗਾ।
ਦੱਸ ਦੇਈਏ ਕਿ ਪਿਛਲੇ ਦਿਨੀਂ ਬਹੁ-ਚਰਚਿਤ ਆਕਸਫੋਰਡ ਵੈਕਸੀਨ ਦਾ ਟ੍ਰਾਇਲ ਰੋਕ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਹਾਲ ਹੀ ਵਿੱਚ ਇੱਕ ਮਰੀਜ਼ ਨੂੰ ਟ੍ਰਾਇਲ ਵਿੱਚ ਕੁਝ ਸਮੱਸਿਆਵਾਂ ਆ ਗਈਆਂ ਸਨ। ਐਸਟਰਾਜ਼ੇਨੇਕਾਵੱਲੋਂ ਇਹ ਕਿਹਾ ਗਿਆ ਸੀ ਕਿ ਟ੍ਰਾਇਲ ਵਿੱਚ ਸ਼ਾਮਿਲ UK ਦੀ ਇੱਕ ਔਰਤ ਦੀ ਰੀੜ੍ਹ ਦੀ ਹੱਡੀ ਵਿੱਚ ਬਹੁਤ ਗੰਭੀਰ ਰੂਪ ਨਾਲ ਸੋਜ਼ ਆ ਗਈ ਹੈ, ਇਸ ਲਈ ਕੰਪਨੀ ਵੱਲੋਂ ਇਸ ਟ੍ਰਾਇਲ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ ।