Daily Ajit journalist Raj Kapoor : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਅੱਜ ਪੰਜਾਬ ਦੇ ਮਸ਼ਹੂਰ ਅਖਬਾਰ ਰੋਜ਼ਾਨਾ ਅਜੀਤ ਦੇ ਇੱਕ ਪੱਤਰਕਾਰ ਰਾਜ ਕਪੂਰ ਦੀ ਕੋਰੋਨਾ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 61 ਸਾਲਾ ਰਾਜ ਕਪੂਰ ਨੂੰ ਬੁਖਾਰ ਅਤੇ ਸਾਹ ਦੀ ਤਕਲੀਫ ਦੇ ਚੱਲਦਿਆਂ ਜਲੰਧਰ ਜ਼ਿਲ੍ਹੇ ਵਿੱਚ ਹੀ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਉਨ੍ਹਾਂ ਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ।
ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ, ਜਿਥੇ ਉਨ੍ਹਾਂ ਨੇ ਅੱਜ ਦਮ ਤੋੜ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਜਮੇਸ਼ੇਰ ਖਾਸ ਦੇ ਨੇੜਲੇ ਪਿੰਡ ਨਾਨਕਪਿੰਡ ਵਿੱਚ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਜਸਬੀਰ ਕੌਰ ਅਤੇ ਦੋ ਬੇਟੇ ਹਨ। ਉਨ੍ਹਾਂ ਦਾ ਇੱਕ ਪੁੱਤਰ ਲਖਵਿੰਦਰ ਕੁਮਾਰ ਨਿਊਜ਼ੀਲੈਂਡ ਅਤੇ ਦੂਸਰਾ ਬੇਟਾ ਵਿਜੇ ਕੁਮਾਰ ਬੰਟੀ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ। ਦੱਸਣਯੋਗ ਹੈ ਕਿ ਰਾਜ ਕਪੂਰ ਜਲੰਧਰ ਜ਼ਿਲ੍ਹੇ ਦੇ ਅਜੀਤ ਪ੍ਰਕਾਸ਼ਨ ਸਮੂਹ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਅਤੇ ਜਮਸ਼ੇਰ ਖਾਸ ਤੋਂ ਪੱਤਰਕਾਰ ਸਨ।