Homeguard Killer Son in law : ਜਲੰਧਰ ਵਿੱਚ ਬੀਤੇ ਦਿਨ ਸੜਕ ਵਿਚਕਾਰ ਆਪਣੇ ਸਹੁਰੇ ਦੇ ਢਿੱਡ ਵਿੱਚ ਚਾਕੂ ਮਾਰ ਕੇ ਕਤਲ ਕਰਨ ਵਾਲੇ ਜਵਾਈ ਨੂੰ ਐਤਵਾਰ ਨੂੰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਰਵੀ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਸਹੁਰਾ ਘਾਰਾ ਰਾਮ ਉਸ ਦੀ ਪਤਨੀ ਨੂੰ ਭੜਕਾਉਂਦਾ ਰਹਿੰਦਾ ਸੀ। ਜਿੰਨੀ ਵਾਰ ਉਹ ਪਤਨੀ ਨੂੰ ਮਨਾਉਣ ਗਿਆ ਸੀ, ਉਸ ਦੇ ਪਿਓ ਨੇ ਭੜਕਾ ਕੇ ਮਾਹੌਲ ਖਰਾਬ ਕਰ ਦਿੱਤਾ। ਇਸੇ ਕਾਰਨ ਉਸ ਨੂੰ ਰਸਤੇ ਤੋਂ ਹਟਾਉਣਾ ਜ਼ਰੂਰੀ ਹੋ ਗਿਆ ਸੀ।
ਪੁਲਿਸ ਦੀ ਪੁੱਛਗਿੱਛ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਰਜੀਕਲ ਫੈਕਟਰੀ ਵਿੱਚ ਕੰਮ ਕਰਨ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਤੋਂ ਇੰਨਾ ਨਾਰਾਜ਼ ਸੀ ਕਿ ਉਸ ਦਾ ਕਤਲ ਕਰਨ ਲਈ ਕਈ ਦਿਨਾਂ ਤੋਂ ਸੋਚ ਰਿਹਾ ਸੀ। ਉਹ ਆਪਣੇ ਸਹੁਰੇ ਘਾਰਾ ਰਾਮ ਦਾ ਸਿਰ ਕੱਟ ਕੇ ਲਿਜਾਣਾ ਚਾਹੁੰਦਾ ਸੀ। ਪਿਛਲੇ ਹਫਤੇ ਉਸ ਨੇ ਖੁਦ ਹੀ ਇੱਕ ਤੇਜ਼ਧਾਰ ਚਾਕੂ ਬਣਾਇਆ। ਸਰਜੀਕਲ ਦਾ ਕੰਮ ਜਾਣਦਾ ਸੀ, ਇਸ ਲਈ ਚਾਕੂ ਅਜਿਹਾ ਬਣਾਇਆ ਕਿ ਇੱਕ ਹੀ ਵਾਰ ਵਿੱਚ ਉਸ ਦਾ ਕੰਮ ਤਮਾਮ ਹੋ ਜਾਏ ਅਤੇ ਉਸ ਦਾ ਸਿਰ ਕੱਟ ਲਿਆਇਆ ਜਾਏ।
ਏਸੀਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਾਵਾ ਖੇਲ ਦੀ ਪੁਲਿਸ ਨੇ ਦੋਸ਼ੀ ਰਵੀ ਨਿਵਾਸੀ ਗੁਰੂ ਰਾਮਦਾਸ ਨਗਰ ਜਲੰਧਰ ਨੂੰ ਸਤੀ ਪੀਰਦਾਦ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਦੱਸਣਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ ਮਹਿਲਾ ਪੁਲਿਸ ਥਾਣੇ ਵਿੱਚ ਤਾਇਨਾਤ ਸ਼ਿਵ ਨਗਰ ਵਿੱਚ ਰਹਿਣ ਵਾਲੇ ਹੋਮਗਾਰਡ ਜਵਾਨ ਘਾਰਾ ਰਾਮ ਦੀ ਉਸ ਦੇ ਜਵਾਈ ਨੇ ਸੜਕ ਵਿੱਚਕਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਰਿਵਾਰ ਮੁਤਾਬਕ 6 ਮਹੀਨੇ ਪਹਿਲਾਂ ਹੀ ਰਵੀ ਕੁਮਾਰ ਅਤੇ ਘਾਰਾ ਰਾਮ ਬਾਬਾ ਦੀ ਧੀ ਰੋਸ਼ਨੀ ਦਾ ਵਿਆਹ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਪਤੀ-ਪਤਨੀ ਵਿੱਚ ਝਗੜਾ ਸ਼ੁਰੂ ਹੋ ਗਿਆ ਸੀ। ਕੁਝ ਸਮਾਂ ਪਹਿਲਾਂ ਰਵੀ ਨੇ ਰੋਸ਼ਨੀ ’ਤੇ ਦਰਾਂਤ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਰੋਸ਼ਨੀ ਆਪਣੇ ਪੇਕੇ ਵਿੱਚ ਆ ਕੇ ਰਹਿਣ ਲੱਗੀ ਸੀ। ਉਨ੍ਹਾਂ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ।