ENG vs AUS 2nd ODI: ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਇੰਗਲਿਸ਼ ਟੀਮ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਇੱਕ-ਇੱਕ ਨਾਲ ਬਰਾਬਰੀ ਕਰ ਲਈ ਹੈ। ਆਸਟ੍ਰੇਲੀਆ ਦੀ ਟੀਮ ਇੰਗਲੈਂਡ ਦੇ 232 ਦੌੜਾਂ ਦੇ ਆਸਾਨ ਟੀਚੇ ਨੂੰ ਪੂਰਾ ਨਹੀਂ ਕਰ ਸਕੀ। ਹੁਣ ਸਾਰਿਆਂ ਦੀ ਨਜ਼ਰ ਫਾਈਨਲ ਮੈਚ ‘ਤੇ ਹੈ। ਇੰਗਲੈਂਡ ਦੇ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਕੰਗਾਰੂ ਟੀਮ 48.4 ਓਵਰਾਂ ਵਿੱਚ 207 ਦੌੜਾਂ ‘ਤੇ ਸਿਮਟ ਗਈ। ਟੀਮ ਨੂੰ ਪਹਿਲਾ ਝੱਟਕਾ ਡੇਵਿਡ ਵਾਰਨਰ ਦੇ ਰੂਪ ‘ਚ 9 ਦੌੜਾਂ ਦੇ ਸਕੋਰ ‘ਤੇ ਲੱਗਾ ਸੀ। ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਆਸਟ੍ਰੇਲੀਆ ਦੀਆਂ ਵਿਕਟਾਂ ਦੀ ਝੜੀ ਲੱਗ ਗਈ ਅਤੇ ਟੀਮ 49 ਵੇਂ ਓਵਰ ਵਿੱਚ ਸਿਰਫ 207 ਦੌੜਾਂ ’ਤੇ ਆਲ ਆਊਟ ਹੋ ਗਈ।
ਇਸ ਜਿੱਤ ਲਈ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੈਚ ਵਿੱਚ ਕ੍ਰਿਸ ਵੋਕਸ, ਜੋਫਰਾ ਆਰਚਰ ਅਤੇ ਕੁਰਨ ਨੇ 3-3 ਵਿਕਟਾਂ ਲਈਆਂ ਜਦਕਿ ਰਾਸ਼ਿਦ ਨੇ ਇੱਕ ਵਿਕਟ ਲਈ। ਆਸਟ੍ਰੇਲੀਆ ਲਈ ਕਪਤਾਨ ਐਰੋਨ ਫਿੰਚ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਕੰਗਾਰੂ ਟੀਮ ਦੇ ਸੱਤ ਖਿਡਾਰੀ ਦਸ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਇਸ ਤੋਂ ਪਹਿਲਾ ਆਸਟ੍ਰੇਲੀਆ ਨੇ ਇੰਗਲੈਂਡ ਨੂੰ 9 ਵਿਕਟਾਂ ‘ਤੇ 231 ਦੌੜਾਂ ‘ਤੇ ਰੋਕ ਦਿੱਤਾ ਸੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸੱਤਵੇਂ ਓਵਰ ਤੱਕ ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ ਜੋਨੀ ਬੇਅਰਸਟੋ ਅਤੇ ਜੇਸਨ ਰਾਏ ਵਾਪਿਸ ਪਰਤ ਗਏ ਸੀ।