Landless farmers approached the court : ਫਿਰੋਜ਼ਪੁਰ ਦੇ ਘੱਲ ਖੁਰਦ ਬਲਾਕ ਅਧੀਨ ਪੈਂਦੇ ਪਿੰਡ ਸੋਢੀ ਨਗਰ, ਕਾਮਲ ਵਾਲਾ, ਫਤੂ ਵਾਲਾ, ਸਕੂਰ, ਝੋਕ ਨੋਦ ਸਿੰਘ ਵਾਲਾ, ਪ੍ਰਤਾਪ ਨਗਰ ਵਿੱਚ ਪੰਚਾਇਤੀ ਜ਼ਮੀਨ ਨੂੰ ਬੇਜ਼ਮੀਨੇ ਕਿਸਾਨਾਂ ਨੂੰ ਨਾ ਦੇ ਕੇ ਜਿਨ੍ਹਾਂ ਕੋਲ ਜ਼ਮੀਨ ਹੈ ਉਨ੍ਹਾਂ ਨੂੰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪਿੰਡ ਦੇ ਬੇਜ਼ਮੀਨੇ ਕਿਸਾਨਾਂ ਨੇ ਪੰਚਾਇਤੀ ਜ਼ਮੀਨ ਜੋਤਣ ਲਈ ਦੇਣ ਅਤੇ ਪਿੰਡਾਂ ਵਿੱਚ ਸਹੂਲਤਾਂ ਲਈ ਸੰਬੰਧਤ ਵਿਭਾਗਾਂ ਕੋਲ ਵੀ ਬੇਨਤੀ ਕਰਨ ’ਤੇ ਸੁਣਵਾਈ ਨਾ ਹੋਣ ’ਤੇ ਹੁਣ ਲੋਕਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ। ਦੱਸਣਯੋਗ ਹੈ ਕਿ ਪੰਚਾਇਤ ਐਕਟ ਮੁਤਾਬਕ ਜ਼ਮੀਨ ਦੀ ਜੁਤਾਈ ਲਈ ਹਰ ਸਾਲ ਬੋਲੀ ਲੱਗਦੀ ਹੈ ਤੇ ਜ਼ਮੀਨ ਵਾਲੇ ਕਿਸਾਨ ਉੱਚੀ ਬੋਲੀ ਲਗਾ ਕੇ ਠੇਕਾ ਲੈ ਲੈਂਦੇ ਹਨ।
ਪਟੀਸ਼ਨਕਰਤਾ ਵੀਰਪਾਲ, ਸਰਬਜੀਤ ਕੌਰ, ਪੂਜਾ, ਮਨਜੀਤ, ਸੁਨੀਤਾ, ਪ੍ਰਵੀਣ, ਗੀਤਾ, ਸਹਾ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਜ਼ਿਆਦਾਤਰ ਪੰਚਾਇਤੀ ਜ਼ਮੀਨ ਉਨ੍ਹਾਂ ਕਿਸਾਨਾਂ ਨੂੰ ਜੋਤਣ ਵਾਸਤੇ ਦਿੱਤੀ ਗਈ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਵੀ ਹੈ। ਅਜਿਹੇ ਵਿੱਚ ਬੇਜ਼ਮੀਨੇ ਕਿਸਾਨ ਕਿਵੇਂ ਖੇਤੀ ਕਰੇਗਾ ਇਸ ਤੋਂ ਇਲਾਵਾ ਪਿੰਡਾਂ ਵਿੱਚ ਸੜਕਾਂ ’ਤੇ ਰੂੜੀਆਂ ਲਗਾਈਆਂ ਗਈਆਂ ਹਨ, ਸਫਾਈ ਨਾ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੈ ਅਤੇ ਪਿੰਡ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਪਾ ਰਹੀਆਂ ਹਨ।
ਪੰਚਾਇਤੀ ਜ਼ਮੀਨ ਨੂੰ ਇੱਕ ਸਾਲ ਲਈ ਠੇਕੇ ’ਤੇ ਦੇਣ ਦੀ ਖੁੱਲ੍ਹੀ ਬੋਲੀ ਹੁੰਦੀ ਹੈ ਤਾਂ ਜ਼ਮੀਨ ਵਾਲੇ ਕਿਸਾਨ ਉੱਚੀ ਬੋਲੀ ਦੇ ਕੇ ਜ਼ਮੀਨ ਜੋਤਣ ਲਈ ਲੈ ਲੈਂਦੇ ਹਨ। ਅਜਿਹੇ ’ਚ ਬੇਜ਼ਮੀਨੇ ਕਿਸਾਨ ਉਨ੍ਹਾਂ ਨਾਲ ਕੰਪੀਟੀਸ਼ਨ ਨਹੀਂ ਕਰ ਪਾਉਂਦੇ ਅਤੇ ਜ਼ਮੀਨ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਪੰਚਾਇਤੀ ਜ਼ਮੀਨ ਦੀ ਜੁਤਾਈ ਨੂੰ ਲੈ ਕੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਉਨ੍ਹਾਂ ਨੇ ਡੀਸੀ, ਸਰਪੰਚ, ਬੀਡੀਪੀਓ, ਡੀਡੀਪੀਓ, ਪੰਚਾਇਤ ਸਕੱਤਰ, ਨਿਰੇਦਸ਼ਕ ਪੰਚਾਇਤ ਵਿਭਾਗ ਸਣੇ ਸਾਰੀਆਂ ਸੰਬੰਧਤ ਅਥਾਰਟੀਆਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਸੀ ਜਿਸ ਦਾ 15 ਦਿਨ ਵਿੱਚ ਜਵਾਬ ਦੇਣਾ ਬਣਦਾ ਸੀ ਪਰ ਨੋਟਿਸ ਦੀ ਤੈਅ ਮਿਆਦ ਵਿੱਚ ਜਵਾਬ ਨਹੀਂ ਆਇਆ ਤਾਂ ਕੇਸ ਕੋਰਟ ਵਿੱਚ ਫਾਈਲ ਕਰ ਦਿੱਤਾ ਗਿਆ ਹੈ ਅਤੇ ਉਕਤ ਸਾਰਿਆਂ ਨੂੰ ਕੋਰਟ ਵਿੱਚ ਪਾਰਟੀ ਬਣਾਇਆ ਗਿਆ ਹੈ।