Police arrest 2 suspects : ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਦੇ ਥਰਿਆਲ ਪਿੰਡ ਵਿੱਚ ਲੁੱਟ ਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀਆਂ ਦੀ ਭਾਲ ਵਿੱਚ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਸੋਮਵਾਰ ਨੂੰ ਰਾਜਸਥਾਨ ਦੇ ਝੂੰਝੁਨੂ ਜ਼ਿਲ੍ਹੇ ਦੇ ਚਿੜਾਵਾ ਇਲਾਕੇ ਵਿੱਚ ਛਾਪੇਮਾਰੀ ਕਰਦੇ ਹੋਏ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵੇਂ ਨੌਜਵਾਨਾਂ ਰੇਹਾਨ ਅਤੇ ਰਿਜਵਾਨ ਦਾ ਇੱਕ ਸਾਥੀ ਅਸਲਮ ਫਰਾਰ ਹੋ ਗਿਆ। ਦੋਸ਼ੀ ਖਾਨਾਬਦੋਸ਼ ਡੇਰਿਆਂ ਵਿੱਚ ਰਹਿ ਰਹੇ ਸਨ।
ਦੱਸਣਯੋਗ ਹੈ ਕਿ ਇਹ ਮਾਮਲਾ ਕ੍ਰਿਕਟਰ ਸੁਰੇਸ਼ ਰੈਨਾ ਦੇ ਪਰਿਵਾਰ ਨਾਲ ਜੁੜਿਆ ਹੈ। ਬਦਮਾਸ਼ਾਂ ਨੇ 19 ਅਗਸਤ ਦੀ ਰਾਤ ਥਾਰਿਆਲ ਪਿੰਡ ਵਿੱਚ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਦਮਾਸ਼ਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਖੁਆਇਆ ਅਤੇ ਫਿਰ ਉਨ੍ਹਾਂ ’ਤੇ ਹਥੌੜੇ ਨਾਲ ਵਾਰ ਕੀਤਾ। ਇਸ ਵਾਰਦਾਤ ਵਿੱਚ 60 ਸਾਲਾ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੀ ਪਤਨੀ 55 ਸਾਲਾ ਆਸ਼ਾ ਰਾਣੀ, ਮਾਂ 80 ਸਾਲਾ ਸੱਤਿਆ ਦੇਵੀ, ਪੁੱਤਰ 32 ਸਾਲਾ ਕੌਸ਼ਲ ਕੁਮਾਰ ਤੇ 28 ਸਾਲਾ ਅਪਿਨ ਕੁਮਾਰ ਜ਼ਖਮੀ ਹੋ ਗਏ ਸਨ।
ਇਲਾਜ ਦਰਾਨ ਕੌਸ਼ਲ ਕੁਮਾਰ ਦੀ ਵੀ ਮੌਤ ਹੋ ਗਈ ਸੀ। 25 ਦਿਨ ਤੋਂ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਸੀ। ਦੋ ਦਿਨ ਪਹਿਲਾਂ ਪੁਲਿਸ ਨੂੰ ਥਰਿਆਲ ਪਿੰਡ ਦੇ ਮੁਤਫਰਕਾ ਦੇ ਖੇਤ ਵਿੱਚ ਇੱਕ ਮੋਬਾਈਲ ਮਿਲਿਆ, ਜਿਸ ਵਿੱਚ 3 ਸ਼ੱਕੀ ਨੰਬਰ ਪਾਏ ਗਏ। ਇਨ੍ਹਾਂ ਨੰਬਰਾਂ ਦੀ ਲੋਕੇਸ਼ਨ ਰਾਜਸਥਾਨ ਦੇ ਝੂੰਝੁਨੂ ਦੇ ਆਲੇ-ਦੁਆਲੇ ਆਉਣ ’ਤੇ ਜ਼ਿਲ੍ਹਾ ਪੁਲਿਸ ਤੋਂ 40 ਪੁਲਿਸ ਜਵਾਨਾਂ ਦੀ ਟੀਮ ਝੂੰਝੁਨੂ ਪਹੁੰਚੀ ਅਤੇ ਸੁਲਤਾਨਾ, ਕਿਸ਼ੋਰਪੁਰਾ, ਕਿਠਾਨਾ-ਅਮਰਪੁਰਾ ਇਲਾਕੇ ਵਿੱਚ ਛਾਪੇਮਾਰੀ ਕੀਤੀ, ਜਿਥੇ ਪਦਮਪੁਰਾ-ਚਨਾਨਾ ਰੋਡ ’ਤੇ ਪੈਟਰਲ ਪੰਪ ਦੇ ਕੋਲ ਅਤੇ ਅਮਰਪੁਰਾ ਰੋਡ ਦੇ ਖੇਤ ਤੋਂ ਦੋ ਸ਼ੱਕੀਆਂ ਨੂੰ ਫੜ ਲਿਆ। ਪੁਲਿਸ ਹੁਣ ਇਨ੍ਹਾਂ ਨੂੰ ਆਪਣੇ ਨਾਲ ਲੈ ਗਈ ਹੈ।