Khalistani flags now hoisted : ਪੰਜਾਬ ’ਚ ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਤੇ ਧਨੌਲਾ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ। ਪਟਿਆਲਾ ’ਚ ਸੰਗਰੂਰ ਰੋਡ ਸਥਿਤ ਪਿੰਡ ਕੌਰਜੀਵਾਲਾ ਦੇ ਨੇੜੇ ਸੋਮਵਾਰ ਨੂੰ ਸੜਕ ਕੰਢੇ ਲੱਗੇ ਸਾਈਨ ਬੋਰਡ ਦੇ ਪੋਲ ’ਤੇ ਅਤੇ ਬਰਨਾਲਾ ਅਧੀਨ ਪੈਂਦੇ ਧਨੌਲਾ ਸ਼ਹਿਰ ਵਿੱਚ ਬੀਤੀ ਰਾਤ ਸਥਾਨਕ ਸੇਵਾ ਕੇਂਦਰ ਦੀ ਇਮਾਰਤ ’ਤੇ ਖਾਲਿਸਤਾਨੀ ਝੰਡੇ ਲਹਿਰਾਏ ਗਏ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੋਹਾਂ ਥਾਵਾਂ ’ਤੇ ਝੰਡੇ ਲਹਿਰਾਏ ਜਾਣ ਤੋਂ ਬਾਅਦ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਝੰਡਾ ਉਤਾਰ ਲਿਆ।
ਪਟਿਆਲਾ ’ਚ ਲਹਿਰਾਏ ਜਾਣ ਤੋਂ ਬਾਅਦ ਹੁਣ ਦੋ ਪੁਲਿਸ ਥਾਣਿਆਂ ਵਿੱਚ ਹਲਚਲ ਮੱਚ ਗਈ। ਇੱਕ ਰਾਹਗੀਰ ਨੇ ਇਸ ਦੀ ਵੀਡੀਓ ਬਣਾਉਣ ਤੋਂ ਬਾਅਦ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਇੱਕ ਪੁਲਸ ਮੁਲਾਜ਼ਮ ਨੇ ਝੰਡਾ ਲਾਹ ਲਿਆ। ਸਿਟੀ ਸਮਾਨਾ ਦਾ ਏਰੀਆ ਦੱਸਦੇ ਹੋਏ ਪਸਿਆਣਾ ਥਾਣਾ ਪੁਲਿਸ ਵਾਪਿਸ ਪਰਤ ਆਈ। ਦੁਪਹਿਰ ਲੱਗਭਗ ਇੱਕ ਵਜੇ ਮਾਮਲਾ ਮੁੜ ਚਰਚਾ ਵਿੱਚ ਆਇਆ, ਪਰ ਦੇਰ ਸ਼ਾਮ ਤੱਕ ਦੋਵੇਂ ਪੁਲਿਸ ਥਾਣਿਆਂ ਦੇ ਇੰਚਾਰਜ ਕੋਈ ਸੁਰਾਗ ਨਹੀਂ ਲਗਾ ਸਕੇ। ਇਥੋਂ ਤੱਕ ਕਿ ਵੀਡੀਓ ਵਿੱਚ ਦਿਖਾਈ ਦਿੱਤੇ ਮੁਲਜ਼ਮ ਦੀ ਵੀ ਪਛਾਣ ਨਹੀਂ ਹੋ ਸਕੇ। ਘਟਨਾ ਤੋਂ ਬਾਅਦ ਸਮਾਨਾ ਦੇ ਡੀਐੱਸਪੀ ਵੀ ਮੌਕੇ ’ਤੇ ਆਏ ਪਰ ਕੁਝ ਦੇਰ ਬਾਅਦ ਵਾਪਿਸ ਪਰਤ ਗਏ।