Reconstruction of historical Gurdwara : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਸਭ ਤੋਂ ਪ੍ਰਾਚੀਨ ਇਤਿਹਾਸਕ ਗੁਰਦੁਆਰਾ ਚੋਆ ਸਾਹਿਬ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਦਾ ਕੰਮ ਇਕ ਸਾਲ ਦੇ ਅੰਦਰ ਪੂਰਾ ਕਰਕੇ ਇਸ ਨੂੰ ਸੰਗਕਤ ਲਈ ਖੋਲ੍ਹ ਦਿੱਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਅਮੀਰ ਸਿੰਘ ਮੁਤਾਬਕ ਗੁਰਦੁਆਰਾ ਸਾਹਿਬ ਦੀ ਮੁੜਉਸਾਰੀ ਦਾ ਕੰਮ ਇੰਗਲੈਂਡ ਦੇ ਇੱਕ ਸਮਾਜਿਕ ਸੰਗਠਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ।
ਅਵੈਕਿਊ ਟਰੱਸਟ ਪ੍ਰਾਪਰਟੀਬੋਰਡ (ਈਟੀਪੀਬੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਅਗਸਤ, 2019 ਨੂੰ ਆਯੋਜਿਤ ਇਕ ਬੈਠਕ ਵਿੱਚ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਦੀ ਮਨਜ਼ੂਰੀ ਦਿੱਤੀ ਸੀ। ਗੁਰਦੁਆਰਾ ਚੋਆ ਸਾਹਿਬ ਰੋਹਤਾਸ ਦੇ ਇਤਿਹਾਸ ਕਿਲੇ ਵਿੱਚ ਸਥਿਤ ਹੈ। ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਤਾਸੀਆਂ ਦੌਰਾਨ ਇਸ ਸਥਾਨ ’ਤੇ ਰੁਕੇ ਸਨ। ਉਸ ਸਮੇਂ ਇਸ ਇਲਾਕੇ ਦਾ ਪੀਣ ਵਾਲਾ ਪਾਣੀ ਖਾਰਾ ਸੀ। ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀ ਗਈ ਪ੍ਰਾਰਥਨਾ ਤੋਂ ਬਾਅਦ ਕੁਦਰਤੀ ਤੌਰ ’ਤੇ ਇੱਥੇ ਇੱਕ ਤਾਲਾਬ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ। ਸਿੱਖਾਂ ਲਈ ਤਾਲਾਬ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ।
ਗੁਰਦੁਆਰਾ ਸਾਹਿਬ ਮੌਜੂਦਾ ਭਵਨ 1864 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦਾ ਮੂਲ ਸਥਾਨ ਰੋਹਤਾਸ ਕਿਲ੍ਹਾ, ਯੂਨੈਸਕੋ ਦਾ ਵਿਸ਼ਵ ਧਰੋਹਰ ਅਸਥਾਨ ਹੈ। ਗੁਰਦੁਆਰੇ ਦੀ ਮੁੜ ਉਸਾਰੀ ਕਰਵਾ ਰਹੇ ਸਮਾਜਿਕ ਸੰਗਠਨ ਦੇ ਮੁਖੀ ਰੰਜੀਤ ਨਾਗਰ ਨੇ ਕਿਹਾ ਕਿ ਮੁੜ ਉਸਾਰੀ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਾਚੀਨ ਇਮਾਰਤ ਦੀ ਵਾਸਤੂਕਲਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਹੈ। ਪੁਰਾਣੀ ਇਮਾਰਤ ਅਤੇ ਗੁਰਦੁਆਰਾ ਸਾਹਿਬ ਦੇ ਡਿਜ਼ਾਈਨ ਅਤੇ ਇਸ ਦੀ ਪੁਰਾਣੀ ਸ਼ੈਲੀ ਨੂੰ ਹੀ ਬਹਾਲ ਕੀਤਾ ਜਾ ਰਿਹਾ ਹੈ ਅਤੇ ਮੁਰੰਮਤ ਦੇ ਕੰਮ ਵਿੱਚ ਚੂਨੇ ਦਾ ਇਸਤੇਮਾਲ ਕੀਤਾ ਜਾਵੇਗਾ।
ਸਿੱਖ ਅਤੇ ਮੁਗਲ ਸ਼ੈਲੀ ਵਿੱਚ ਬਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਕੁਝ ਹਿੱਸਿਆਂ ਦੀ ਮੁਰੰਮਤ ਕੀਤੀ ਜਾਵੇਗੀ। ਮੁੜ ਉਸਾਰੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਨੂੰ ਧੋਤਾ ਗਿਆ ਹੈ। ਗੁੰਬਤ ਨੂੰ ਵੀ ਸਾਫ ਕੀਤਾ ਗਿਆ ਹੈ। ਗੁਰਦੁਆਰਾ ਚੋਆ ਸਾਹਿਬ ਬਹੁਤ ਪੁਰਾਣਾ ਹੈ। ਸਿੱਖਾਂ ਨੇ ਵਾਰ-ਵਾਰ ਮੰਗ ਕੀਤੀ ਹੈ ਕਿ ਇਹ ਸਥਾਨ ਦਰਸ਼ਨ ਦੀਦਾਰ ਲਈ ਖੋਲ੍ਹਿਆ ਜਾਵੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਅਮੀਰ ਸਿੰਘ ਨੇ ਕਿਹਾ ਕਿ ਇਹ ਪ੍ਰਕਿਰਿਆ ਇੱਕ ਸਾਲ ਵਿੱਚ ਪੂਰੀ ਹੋ ਜਾਏਗੀ, ਜਿਸ ਤੋਂ ਬਾਅਦ ਦੁਨੀਆ ਭਰ ਦੇ ਸਿੱਖ ਤੀਰਥ ਯਾਤਰੀ ਇਥੇ ਅਰਦਾਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਆ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਜਨਮ ਅਸਥਾਨ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਵੀ ਮੁੜ ਉਸਾਰੀ ਅਤੇ ਸਜਾਵਟ ਦਾ ਕੰਮ ਚੱਲ ਰਿਹਾ ਹੈ।