Girl came to Jalandhar : ਸੋਸ਼ਲ ਮੀਡੀਆ ’ਤੇ ਅੱਜਕਲ ਮੁੰਡੇ-ਕੁੜੀਆਂ ਫੇਸਬੁੱਕ ਫ੍ਰੈਂਡਸ਼ਿਪ ਕਰਦੇ-ਕਰਦੇ ਬਿਨਾਂ ਸੋਚੇ-ਸਮਝੇ ਰਿਸ਼ਤੇ ਜੋੜਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਲੰਧਰ ਤੋਂ ਜਿਥੇ ਇੱਕ ਫੇਸਬੁੱਕ ’ਤੇ ਹੋਈ ਦੋਸਤੀ ’ਚ ਮੁੰਡੇ ਨੂੰ ਆਪਣਾ ਦਿਲ ਦੇ ਬੈਠੀ ਕੁੜੀ ਗੁਜਰਾਤ ਤੋਂ ਜਲੰਧਰ ਆ ਗਈ ਤੇ ਮੁੰਡੇ ਨਾਲ ਵਿਆਹ ਕਰਵਾ ਲਿਆ। ਪਰ ਇਥੇ ਆ ਕੇ ਜਦੋਂ ਉਸ ਨੂੰ ਮਾਹੌਲ ਆਪਣੇ ਮੁਤਾਬਕ ਨਹੀਂ ਮਿਲਿਆ ਤਾਂ ਮੁੰਡੇ ਨੂੰ ਛੱਡ ਕੇ ਵਾਪਿਸ ਗੁਜਰਾਤ ਚਲੀ ਗਈ।
ਮਿਲੀ ਜਾਣਕਾਰੀ ਮੁਤਾਬਕ ਗੁਜਰਾਤ ਦੀ ਇੱਕ ਲੜਕੀ ਦੀ ਜਲੰਧਰ ਦੇ ਲਸੂੜੀ ਮੁਹੱਲਾ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਫੇਸੁਬੱਕ ’ਤੇ ਦੋਸਤੀ ਹੋ ਗਈ। ਉਸ ਨੂੰ ਪਤਾ ਲੱਗਾ ਕਿ ਨੌਜਵਾਨ ਯੂਏਈ ਵਿੱਚ ਨੌਕਰੀ ਲਈ ਗਿਆ ਸੀ। ਇਸ ਤੋਂ ਬਾਅਦ ਦੋਵਾਂ ਵਿੱਚ ਸ਼ੁਰੂ ਹੋਈ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਲੜਕੀ ਨੂੰ ਲੱਗਾ ਕੀ ਲੜਕਾ ਵਿਦੇਸ਼ ਵਿੱਚ ਹੈ ਤਾਂ ਅੱਗੇ ਵੀ ਭਵਿੱਖ ਸੁਨਹਿਰਾ ਹੋਵੇਗਾ ਤੇ ਲੜਕੇ ਕੋਲ ਆਲੀਸ਼ਾਨ ਕੋਠੀ ਤੇ ਵੱਡੀਆਂ ਗੱਡੀਆਂ ਹਨ। ਦੋਵਾਂ ਦਾ ਪਿਆਰ ਵਿਆਹ ਵੱਲ ਵਧ ਤੁਰਿਆ। ਇਸ ਤੋਂ ਬਾਅਦ 7 ਸਤੰਬਰ ਨੂੰ ਕੁੜੀ ਗੁਜਰਾਤ ਤੋਂ ਆਪਣਾ ਘਰ ਛੱਡ ਕੇ ਪੰਜਾਬ ਆ ਗਈ। ਚੰਡੀਗੜ੍ਹ ਵਿੱਚ ਦੋਹਾਂ ਨੇ ਕੋਰਟ ਮੈਰਿਜ ਕਰਵਾ ਲਈ।
ਇਸ ਤੋਂ ਬਾਅਦ ਲੜਕੀ ਵਿਆਹ ਕਰਵਾ ਕੇ ਲੜਕੇ ਦੇ ਨਾਲ ਜਲੰਧਰ ਆ ਗਈ। ਹਾਲਾਂਕਿ ਇਥੇ ਆਉਣ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਕੋਈ ਆਲੀਸ਼ਾਨ ਕੋਠੀ ਨਹੀਂ ਹੈ। ਉਸ ਨੂੰ ਇਲਾਕੇ ਦਾ ਮਾਹੌਲ ਵੀ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਉਹ ਇਥੇ ਰਹਿਣ ਦੀ ਬਜਾਏ ਘਰ ਜਾਣ ਦੀ ਜ਼ਿੱਦ ਕਰਨ ਲੱਗੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ’ਤੇ ਖੁਦ ਹੀ ਸਾਰੀ ਜਾਣਕਾਰੀ ਦੇ ਦਿੱਤੀ, ਜਿਸ ਤੋਂ ਬਾਅਦ ਗੁਜਰਾਤ ਪੁਲਿਸ ਉਸ ਨੂੰ ਆ ਕੇ ਵਾਪਿਸ ਲੈ ਗਈ। 23 ਸਾਲਾ ਕੁੜੀ ਜੋਕਿ ਨਰਸਿੰਗ ਸਟੂਡੈਂਟ ਨੇ ਪੁਲਿਸ ਸਾਹਮਣੇ ਲੜਕੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਜਾਣ ਲਈ ਕਿਹਾ, ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰਕੇ ਉਸ ਨੂੰ ਵਾਪਿਸ ਗੁਜਰਾਤ ਤੋਰ ਦਿੱਤਾ।