Harnam Singh from Srinagar : ਜਲੰਧਰ : ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਹਰਨਾਮ ਸਿੰਘ ਸ਼੍ਰੀਨਗਰ ਵਾਲੇ ਜੀ ਦਾ ਅੱਜ ਤੜਕੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਜਾਣ ਦੀ ਖਬਰ ਆਈ ਹੈ। ਉਹ ਲਗਭਗ 60 ਸਾਲਾਂ ਦੇ ਸਨ ਅਤੇ ਕਾਫੀ ਸਮੇਂ ਤੋਂ ਜਲੰਧਰ ਵਿੱਚ ਹੀ ਰਹਿ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਬੁਖਾਰ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਅੱਜ ਸਵੇਰੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੇ ਇਹ ਦੇਹ ਤਿਆਗ ਦਿੱਤੀ। ਭਾਈ ਹਰਨਾਮ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਭਾਈ ਹਰਨਾਮ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।
ਦੱਸਣਯੋਗ ਹੈ ਕਿ ਭਾਈ ਹਰਨਾਮ ਸਿੰਘ ਦਾ ਜਨਮ 4 ਦਸੰਬਰ 1962 ਨੂੰ ਪੰਜਾਬ ਦੇ ਬਰਨਾਲਾ (ਸੰਗਰੂਰ) ਵਿਖੇ ਹੋਇਆ ਸੀ। ਉਹ ਲਗਭਗ 30 ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਨੇ ਸੰਗੀਤ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਡਿਪਲੋਮਾ ਹਾਸਲ ਕੀਤਾ ਹੋਇਆ ਸੀ। ਭਾਈ ਹਰਨਾਮ ਸਿੰਘ ਜੀ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਰਾਂਸ, ਬੈਲਜੀਅਮ, ਨੀਦਰਲੈਂਡ, ਮਾਸਕੋ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਇੰਗਲੈਂਡ, ਪਾਕਿਸਤਾਨ, ਸਿੰਗਾਪੁਰ, ਦੁਬਈ, ਮਸਕਟ, ਨੇਪਾਲ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਵਿੱਚ ਕੀਰਤਨ ਕਰਨ ਲਈ ਜਾ ਚੁੱਕੇ ਸਨ।