Yoshihide Suga elected: ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦੀ ਸੰਸਦ ਦੇ ਹੇਠਲੇ ਸਦਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣ ਲਿਆ ਹੈ। ਬੁੱਧਵਾਰ ਨੂੰ ਟੋਕਿਓ ਵਿੱਚ ਉਨ੍ਹਾਂ ਨੂੰ ਪ੍ਰਧਾਨਮੰਤਰੀ ਚੁਣਿਆ ਗਿਆ। ਇਸ ਤਰ੍ਹਾਂ ਸੁਗਾ ਪਿਛਲੇ 8 ਸਾਲਾਂ ਵਿੱਚ ਦੇਸ਼ ਦੇ ਨਵੇਂ ਨੇਤਾ ਵਜੋਂ ਉਭਰੇ ਹਨ। ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਖਰਾਬ ਸਿਹਤ ਕਾਰਨ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ ।
ਦੱਸ ਦੇਈਏ ਕਿ 71 ਸਾਲਾਂ ਦੇ ਸੁਗਾ ਸ਼ਿੰਜੋ ਨੂੰ ਆਬੇ ਦਾ ਭਰੋਸੇਮੰਦ ਮੰਨਿਆ ਜਾਂਦਾ ਹੈ ਅਤੇ ਜਾਪਾਨੀ ਰਾਜਨੀਤੀ ਵਿੱਚ ਉਨ੍ਹਾਂ ਨੂੰ ਆਬੇ ਦਾ ਸੱਜਾ ਹੱਥ ਵੀ ਕਿਹਾ ਜਾਂਦਾ ਹੈ । ਇਸ ਮੌਕੇ ਭਾਰਤ ਦੇ ਪੀਐਮ ਮੋਦੀ ਨੇ ਯੋਸ਼ੀਹਿਦੇ ਸੁਗਾ ਨੂੰ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋਣ ‘ਤੇ ਉਹ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਆਪਣੇ ਖਾਸ ਰਣਨੀਤਕ ਸਬੰਧਾਂ ਅਤੇ ਵਿਸ਼ਵਵਿਆਪੀ ਭਾਈਵਾਲੀ ਨੂੰ ਨਵੀਂਆਂ ਉਚਾਈਆਂ ‘ਤੇ ਲੈ ਜਾਣਗੇ। ਚੋਣਾਂ ਤੋਂ ਪਹਿਲਾਂ ਸੁਗਾ ਨੇ ਐਲਾਨ ਕੀਤਾ ਸੀ ਕਿ ਉਹ ਸ਼ਿੰਜੋ ਆਬੇ ਸਰਕਾਰ ਦੀਆਂ ਨੀਤੀਆਂ ਨੂੰ ਜਾਰੀ ਰੱਖਣਗੇ । ਜਪਾਨ ਵਿੱਚ ਸ਼ਿੰਜ਼ੋ ਦੀਆਂ ਆਰਥਿਕ ਨੀਤੀਆਂ ਨੂੰ ‘ਅਬੈਨੋਮਿਕਸ’ ਕਿਹਾ ਜਾਂਦਾ ਹੈ।
ਦਰਅਸਲ, ਯੋਸ਼ੀਹਿਦੇ ਸੁਗਾ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਨੇਤਾ ਹਨ। ਸੰਸਦ ਦੇ ਹੇਠਲੇ ਸਦਨ ਵਿੱਚ 462 ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨੇਤਾ ਦੀ ਚੋਣ ਕਰਨ ਲਈ ਵੋਟ ਦਿੱਤੀ । ਇਨ੍ਹਾਂ ਵਿੱਚੋਂ 314 ਵੋਟਾਂ ਸੁਗਾ ਨੇ ਜਿੱਤੀਆਂ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਗਾ ਨੂੰ ਆਪਣੀ ਪਾਰਟੀ ਵਿੱਚ ਜਿੱਤ ਮਿਲੀ ਸੀ । ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦੇ ਦੋ ਵਿਰੋਧੀਆਂ ਨੂੰ ਹਰਾਇਆ ਸੀ।