Interstate bus service resumes : ਲੰਬੀ ਉਡੀਕ ਤੋਂ ਬਾਅਦ ਚੰਡੀਗੜ੍ਹ ਵਿੱਚ ਇੰਟਰ ਬੱਸ ਸਰਵਿਸ ਅੱਜ 16 ਸਤੰਬਰ ਤੋਂ ਮੁੜ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੁੱਧਵਾਰ ਤੋਂ ਲਾਂਗ ਰੂਟ ’ਤੇ ਬੱਸਾਂ ਸ਼ੁਰੂ ਹੋ ਗਈਆਂ ਹਨ। ਸੀਟੀਯੂ ਸ਼ੁਰੂਆਤ ਵਿੱਚ ਪੰਜਾਬ ਅਤੇ ਹਰਿਆਣਾ ਦੇ 16 ਜ਼ਿਲ੍ਹਿਆਂ ਲਈ ਬੱਸਾਂ ਚਲਾਏਗੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਸੂਬਿਆਂ ਲਈ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਬੱਸਾਂ ਵਿੱਚ ਫਿਲਹਾਲ 50 ਫੀਸਦੀ ਸਵਾਰੀਆਂ ਹੀ ਬਿਠਾਈਆਂ ਜਾ ਸਕਣਗੀਆਂ ਅਤੇ ਟਿਕਟਾਂ ਆਨਲਾਈਨ ਜਾਂ ਫਿਰ ਬੱਸ ਦੇ ਅੰਦਰ ਹੀ ਖੀਰਦੀਆਂ ਜਾ ਸਕਣਗੀਆਂ।
ਬੁੱਧਵਾਰ ਤੋਂ ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਦੀ ਬੱਸਾਂ ਵੀ ਆਈਐੱਸਬੀਟੀ-43 ਅਤੇ 17 ’ਤੇ ਰੁਕ ਸਕਣਗੀਆਂ। ਪਹਿਲਾਂ ਯੂਟੀ ਪ੍ਰਸ਼ਾਸਨ ਨੇ ਹੋਰ ਕਿਸੇ ਸੂਬੇ ਦੀ ਬੱਸ ਦੇ ਸ਼ਹਿਰ ਵਿੱਚ ਆਉਣ ’ਤੇ ਮਨਾਹੀ ਲਗਾਈ ਹੋਈ ਸੀ। ਪੰਜਾਬ ਅਤੇ ਹਰਿਆਣਾ ਲਈ ਬੱਸਾਂ ਸ਼ੁਰੂ ਕਰਨ ਦੇ ਫੈਸਲੇ ’ਤੇ ਲੋਕ ਖੁਸ਼ ਹਨ ਤਾਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਲਈ ਬੱਸਾਂ ਨਹੀਂ ਸ਼ੁਰੂ ਕਰਨ ’ਤੇ ਇਨ੍ਹਾਂ ਸੂਬਿਆਂ ਦੇ ਲੋਕ ਸੀਟੀਯੂ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੇ ਛੇਤੀ ਹੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਪ੍ਰਸ਼ਾਸਨ ਨੇ ਬੱਸਾਂ ਨੂੰ ਚਲਾਉਣ ਲਈ ਸਟਾਫ ਤੇ ਲੋਕਾਂ ਲਈ ਕੁਝ ਨਿਯਮ ਵੀ ਤੈਅ ਕੀਤੇ ਹਨ। ਇਸ ਦੇ ਮੁਤਾਬਕ ਵਿਚ ਰਸਤੇ ਵਿੱਚੋਂ ਸਵਾਰੀਆਂ ਨੂੰ ਚੜ੍ਹਣ ਤੇ ਉਤਰਨ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ ਆਈਐੱਸਬੀਟੀ ਸੈਕਟਰ-17 ਤੇ 43 ਤੋਂ ਹੀ ਸਵਾਰੀਆਂ ਨੂੰ ਬਿਠਾਇਆ ਜਾਵੇਗਾ। ਬੱਸਾਂ ਵਿੱਚ ਸਮਾਜਿਕ ਦੂਰੀ ਦੇ ਨਾਲ 50 ਫੀਸਦੀ ਮੁਸਾਫਰਾਂ ਨੂੰ ਹੀ ਬਿਠਾਉਣ ਦੀ ਸਹੂਲਤ ਹੋਵੇਗੀ। ਬੱਸਾਂ ਪੁਆਇੰਟ-ਟੂ-ਪੁਆਇੰਟ ਬੇਸਿਸ ’ਤੇ ਚਲਾਈਆਂ ਜਾਣਗੀਆਂ।
ਬੱਸ ਦੀ ਟਿਕਟ ਸੀਟੀਯੂ ਦੀ ਵੈੱਬਸਾਈਟ, ਮੋਬਾਈਲ ਐਪ ਜਾਂ ਬੱਸ ਦੇ ਅੰਦਰ ਹੀ ਦਿੱਤੀ ਜਾਵੇਗੀ। ਕਾਊਂਟਰ ’ਤੇ ਟਿਕਟ ਦੀ ਸਹੂਲਤ ਨਹੀਂ ਮਿਲੇਗੀ। ਮੁਸਾਫਰਾਂ ਨੂੰ ਅਰੋਗਯ ਸੇਤੂ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕੀਤਾ ਜਾਏਗਾ। ਬੱਸਾਂ ਦੇ ਅੰਦਰ ਮੁਸਾਫਰਾਂ ਨੂੰ ਬਿਨਾਂ ਮਾਸਕ ਦੇ ਚੜ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸਟਾਫ ਦੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਯਾਤਰਾ ਦੇ ਸ਼ੁਰੂ ਤੇ ਖਤਮ ਹੋਣ ’ਤੇ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।
ਚੰਡੀਗੜ੍ਹ ਤੋਂ ਜਿਨ੍ਹਾਂ ਰੂਟਾਂ ’ਤੇ ਬੱਸਾਂ ਚੱਲਣਗੀਆਂ ਉਹ ਇਸ ਤਰ੍ਹਾਂ ਹਨ-ਚੰਡੀਗੜ੍ਹ-ਹੁਸ਼ਿਆਰਪੁਰ, ਚੰਡੀਗੜ੍ਹ-ਪਠਾਨਕੋਟ, ਚੰਡੀਗੜ੍ਹ-ਅੰਮ੍ਰਿਤਸਰ, ਚੰਡੀਗੜ੍ਹ-ਪਟਿਆਲਾ, ਚੰਡੀਗੜ੍ਹ-ਊਨਾ ਦੇ ਮਹਿਤਪੁਰ ਤੱਕ, ਚੰਡੀਗੜ੍ਹ-ਲੁਧਿਆਣਾ, ਚੰਡੀਗੜ੍ਹ-ਦੀਨਾਨਗਰ, ਚੰਡੀਗੜ੍ਹ-ਬਠਿੰਡਾ, ਚੰਡੀਗੜ੍ਹ-ਪਾਨੀਪਤ, ਚੰਡੀਗੜ੍ਹ-ਰੋਹਤਕ, ਚੰਡੀਗੜ੍ਹ-ਯਮੁਨਾਨਗਰ, ਚੰਡੀਗੜ੍ਹ-ਜੀਂਦ, ਚੰਡੀਗੜ੍ਹ-ਹਿਸਾਰ, ਚੰਡੀਗੜ੍ਹ-ਸਿਰਸਾ, ਚੰਡੀਗੜ੍ਹ-ਹਾਂਸੀ, ਚੰਡੀਗੜ੍ਹ-ਦਿੱਲੀ ਦੇ ਕੁੰਡਲੀ ਬਾਰਡਰ ਤੱਕ ਅਤੇ ਉਥੋਂ ਵਾਪਿਸ ਆਉਣਗੀਆਂ।