Manmohan Singh 13 Other MPs: ਕੋਰੋਨਾ ਵਾਇਰਸ ਸੰਕਟ ਵਿੱਚ ਸੰਸਦ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ। ਮਾਨਸੂਨ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੂੰ ਕਈ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਦਨ ਵਿੱਚ ਆਉਣਾ ਹੈ। ਇਸ ਦੌਰਾਨ ਕਈ ਸੰਸਦ ਮੈਂਬਰਾਂ ਨੇ ਇਸ ਸੈਸ਼ਨ ਵਿੱਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਸਣੇ ਰਾਜ ਸਭਾ ਦੇ ਇੱਕ ਦਰਜਨ ਸੰਸਦ ਮੈਂਬਰਾਂ ਨੇ ਸਦਨ ਤੋਂ ਮੈਡੀਕਲ ਗ੍ਰਾਊਂਡ ‘ਤੇ ਛੁੱਟੀ ਲਈ ਹੈ।
ਇਸ ਸਬੰਧੀ ਬੁੱਧਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਸਦਨ ਵਿੱਚ ਇਹ ਜਾਣਕਾਰੀ ਦਿੱਤੀ । ਵੈਂਕਈਆ ਨਾਇਡੂ ਨੇ ਸਦਨ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਕੁੱਲ 13 ਸੰਸਦ ਮੈਂਬਰਾਂ ਨੇ ਮੈਡੀਕਲ ਦੇ ਅਧਾਰ ‘ਤੇ ਛੁੱਟੀ ਮੰਗਣ ਲਈ ਇੱਕ ਪੱਤਰ ਲਿਖਿਆ ਹੈ । ਇਨ੍ਹਾਂ ਸੰਸਦ ਮੈਂਬਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਪੀਐਮਕੇ ਨੇਤਾ ਏ. ਰਾਮਾਦੋਸ, ਕਾਂਗਰਸ ਨੇਤਾ ਆਸਕਰ ਫਰਨਾਂਡਿਸ, AIADMK ਦੇ ਏ. ਨਵਨੀਤ ਕ੍ਰਿਸ਼ਨਨ, YSR ਕਾਂਗਰਸ ਦੇ ਪਰਿਮਲ ਨੱਥਵਾਨੀ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਗੁਪਤਾ ਸਣੇ ਸੱਤ ਹੋਰ ਸੰਸਦ ਮੈਂਬਰ ਵੀ ਛੁੱਟੀ ਲੈ ਚੁੱਕੇ ਹਨ।
ਦੱਸ ਦੇਈਏ ਕਿ ਕੋਰੋਨਾ ਕਾਲ ਦੌਰਾਨ ਸੰਸਦ ਦਾ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗਾ। ਇਸ ਦੌਰਾਨ ਸੈਸ਼ਨ ਦੀ ਕਾਰਵਾਈ ਬਿਨ੍ਹਾਂ ਕਿਸੇ ਛੁੱਟੀ ਦੇ ਜਾਰੀ ਰਹੇਗੀ। ਸਦਨ ਦੇ ਨਿਯਮਾਂ ਦੇ ਅਨੁਸਾਰ ਜੇ ਕਿਸੇ ਸੰਸਦ ਮੈਂਬਰ ਨੇ ਲੰਬੇ ਸਮੇਂ ਲਈ ਛੁੱਟੀ ਲੈਣੀ ਹੋਵੇ ਤਾਂ ਰਾਜ ਸਭਾ ਦੇ ਚੇਅਰਮੈਨ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਇਨ੍ਹੀਂ ਦਿਨੀਂ ਸਵੇਰ ਦੀ ਸ਼ਿਫਟ ਵਿੱਚ ਚੱਲ ਰਹੀ ਹੈ, ਜਿਸ ਦੌਰਾਨ ਸੰਸਦ ਮੈਂਬਰਾਂ ਨੂੰ ਇੱਕ ਸਧਾਰਣ ਦੂਰੀ ‘ਤੇ ਸਦਨ ਵਿੱਚ ਬੈਠਣਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੂੰ ਲੋਕ ਸਭਾ ਚੈਂਬਰ, ਗੈਲਰੀ ਵਿੱਚ ਬਿਠਾਇਆ ਗਿਆ ਹੈ ਤਾਂ ਜੋ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ।