Donations to PU will now : ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਹੁਣ ਦਾਨ ਦੇਣ ’ਤੇ ਇਨਕੈਟ ਟੈਕਸ ਵਿੱਚ ਛੋਟ ਲਈ ਜਾ ਸਕਦੀ ਹੈ। ਭਾਰਤ ਸਰਕਾਰ ਦੇ ਆਮਦਨ ਅਤੇ ਕਰ ਵਿਭਾਗ ਵੱਲੋਂ ਯੂਨੀਵਰਸਿਟੀ ਨੂੰ ਆਮਦਨ ਕਰ ਦੀ ਧਾਰਾ 80-ਜੀ ਵਾਲੀ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ, ਜਿਸ ਨਾਲ ਹੁਣ ਯੂਨੀਵਰਸਿਟੀ ਨੂੰ ਦਾਨ ਰਾਸ਼ੀ ਦੇਣ ’ਤੇ ਸੰਬੰਧਤ ਵਿਅਕਤੀ/ ਸੰਸਥਾ ਨੂੰ ਰਾਸ਼ੀ ਉੱਪਰ ਆਮਦਨ ਕਰ ਛੋਟ (ਟੈਕਸ ਰਿਬੇਟ) ਪ੍ਰਾਪਤ ਹੋਵੇਗੀ।
ਇਸ ਸੰਬੰਧੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਕੇਂਦਰ ਸਰਕਾਰ ਦੇ ਸੰਬੰਧਤ ਵਿਭਾਗ ਨੂੰ ਲਿਖਿਆ ਗਿਆ ਸੀ ਜਿਸ ’ਤੇ ਕਾਰਵਾਈ ਕਰਦੇ ਹੋਏ ਕੇਂਦਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇਸ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸੋ ਇਨਕਮ ਟੈਕਸ ਛੋਟ ਸੰਬੰਧੀ ਵਿਭਾਗ ਵੱਲੋਂ ਲਿਖਤੀ ਇਜਾਜ਼ਤ ਦੇ ਦਿੱਤੀ ਗਈ ਹੈ। ਸਹਾਇਤਾ ਦੇਣ ਦੇ ਚਾਹਵਾਨ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖਾਤੇ ਵਿਚ ਰਾਸ਼ੀ ਭੇਜ ਕੇ ਆਪਣਾ ਯੋਗਦਾਨ ਪਾਕੇ ਇਨਕਮ ਟੈਕਸ ਤੋਂ ਛੋਟ ਹਾਸਲ ਕਰ ਸਕਦੇ ਹਨ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹਾ ਹੋਣ ਨਾਲ ਯਕੀਨਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਫਾਇਦਾ ਹੋਵੇਗਾ ਤੇ ਯੂਨੀਵਰਸਿਟੀ ਦਾ ਵਿੱਤੀ ਪੱਖ ਬਿਹਤਰ ਹੋਵੇਗਾ। ਦੱਸਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਤੀ ਘਾਟੇ ਨਾਲ ਜੂਝ ਰਹੀ ਹੈ, ਜਿਸ ਦੇ ਚੱਲਦਿਆਂ ਇਸ ਕਦਮ ਨਾਲ ਉਸ ਨੂੰ ਇਸ ਵਿੱਤੀ ਸੰਕਟ ਤੋਂ ਉਭਰਨ ਵਿੱਚ ਮਦਦ ਮਿਲੇਗੀ।