Action on illegal miners : ਨਵਾਂਸ਼ਹਿਰ : ਕਾਠਗੜ੍ਹ ਪੁਲਿਸ ਨੇ ਬਾਹਦ ਰਕਬਾ ਕੁਲਾਰ ਵਿਖੇ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਮੌਕੇ ਤੋਂ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਦੋ ਭੱਜਣ ਵਿੱਚ ਸਫਲ ਹੋ ਗਏ।। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਬਿਨਾਂ ਨੰਬਰ ਵਾਲੀ ਜੇਸੀਬੀ ਮਸ਼ੀਨ ਅਤੇ ਤਿੰਨ ਟਰੱਕ ਵੀ ਹਿਰਾਸਤ ਵਿੱਚ ਲਏ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਹੁਸਨ ਚੰਦ ਵਾਸੀ ਪਿੰਡ ਮਾਧੋਪੁਰ, ਤਹਿਸੀਲ ਨੂਰਪੁਰ ਬੇਦੀ, ਜ਼ਿਲ੍ਹਾ ਰੋਪੜ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਠਗੜ੍ਹ ਥਾਣੇ ’ਚ ਤਾਇਨਾਤ ਏਐੱਸਆਈ ਬਲਵਿੰਦਰ ਕੁਮਾਰ, ਹੈੱਡ ਕਾਂਸਟੇਬਲ ਵਿਜੇ ਕੁਮਾਰ ਅਤੇ ਪੀਐੱਚਜੀ ਸੁਰਜੀਤ ਸਿੰਘ ਬਰਾਈ ਗਸ਼ਤ ਬੱਸ ਸਟੈਂਡ ਰੱਤੇਵਾਲ ਵਿਖੇ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਾਹਦ ਰਕਬਾ ਕੁਲਾਰ ਵਿਖੇ ਇਕ ਜੇਸੀਬੀ ਮਸ਼ੀਨ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਉਹ ਉਸੇ ਸਮੇਂ ਮੌਕੇ ’ਤੇ ਪਹੁੰਚ ਗਏ ਅਤੇ ਇੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਸੂਚਨਾਂ ਮੁਤਾਬਕ ਬਾਹਦ ਰਕਬਾ ਕੁਲਾਰ ਵਿਖੇ ਕਾਫੀ ਲੰਮੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਫਿਰ ਵੱਖ-ਵੱਖ ਥਾਵਾਂ ’ਤੇ ਰੇਤਾ ਜ਼ਿਆਦਾ ਕੀਮਤ ’ਤੇ ਵੇਚੀ ਜਾ ਰਹੀ ਸੀ। ਥਾਣਾ ਮੁਖੀ ਇੰਸਪੈਕਟਰ ਭਗਤ ਮਸੀਹ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।