Tarntaran police seized one lakh : ਤਰਨਤਾਰਨ ਪੁਲਿਸ ਨੇ ਸ਼ੁੱਕਰਵਾਰ ਨੂੰ ਸਤਲੁਜ ਦੀ ਦੇ ਕੰਢੇ ਹਰੀਕੇ ਪੱਤਣ ਦੇ ਨੇੜੇ ਪਿੰਡ ਮਰੜ ਦੇ ਮੰਡ ਇਲਾਕੇ ਤੋਂ 1 ਲੱਖ ਦੋ ਹਜ਼ਾਰ ਕਿਲੋ ਲਾਹਨ ਬਰਾਮਦ ਕੀਤੀ। ਸ਼ੁੱਕਰਵਾਰ ਸਵੇਰੇ ਹਾਈ ਡੈਫੀਨੇਸ਼ਨ ਕੈਮਰੇ ਵਲੇ ਡਰੋਨ ਦੀ ਮਦਦ ਨਾਲ ਕੀਤੀ ਗਈ ਗੁਪਤ ਕਾਰਵਾਈ ਵਿੱਚ ਲਾਹਨ ਤੋਂ ਇਲਾਵਾ ਲੱਕੜ ਦੀਆਂ ਪੰਜ ਕਿਸ਼ਤੀਆਂ, 50 ਤਿਰਪਾਲਾਂ ਅਤੇ 125 ਪਾਲੀਥੀਨ ਬੈਗ ਬਰਾਮਦ ਕਰਕੇ ਜ਼ਬਤ ਕੀਤੇ।
ਇਹ ਪਿਛਲੇ 22 ਦਿਨਾਂ ਵਿੱਚ ਇਸ ਇਲਾਕੇ ਤੋਂ ਲਾਹਨ ਦੀ ਦੂਸਰੀ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ 27 ਅਗਸਤ ਨੂੰ ਵੀ ਪੁਲਿਸ ਨੇ ਇਥੇ ਕਾਰਵਾਈ ਕੀਤੀ ਸੀ। ਤਰਨਤਾਰਨ ਦੇ ਐੱਸਐੱਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮਰੜ ਦੇ ਮੰਡ ਇਲਾਕੇ ’ਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਇਸੇ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਅਤੇ ਜੰਗਲਾਤ ਵਿਭਾਗ ਤੋਂ ਇਲਾਵਾ ਤਰਨਤਾਰਨ ਪੁਲਿਸ ਕਈ ਅਧਿਕਾਰੀਆਂ ਸਣੇ 125 ਮੁਲਾਜ਼ਮਾਂ ਨੇ ਮੰਡ ਇਲਾਕੇ ਵਿੱਚ ਛਾਪੇਮਾਰੀ ਕੀਤੀ।
ਇਸ ਦੌਰਾਨ ਡਰੋਨ ਦੀ ਮਦਦ ਨਾਲ ਕਈ ਕਿਲੋਮੀਟਰ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਵਿੱਚ ਲਗਭਗ ਦੋ ਸਕਵੇਅਰ ਕਿਲੋਮੀਟਰ ਏਰੀਆ ਛਾਣਿਆ ਗਿਆ। ਇਸੇ ਦੌਰਾਨ ਦਲਦਲ ਨਾਲ ਭਰੇ ਇਲਾਕੇ ਨਾਲ ਲੱਗਦੇ ਹਰਿਆਲੀ ਨਾਲ ਭਰੇ ਇਲਾਕੇ ਵਿੱਚ ਹਾਥੀ ਘਾਹ ਵਿਚਾਲੇ ਕੁਝ ਸ਼ੱਕੀ ਲੋਕ ਸਰਗਰਮੀ ਕਰਦੇ ਨਜ਼ਰ ਆਏ। ਇਸ ਲਈ ਤੁਰੰਤ ਉਥੇ ਟੀਮਾਂ ਭੇਜੀਆਂ ਗਈਆਂ, ਪਰ ਟੀਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਫਰਾਰ ਹੋਣ ਤੋਂ ਪਹਿਲਾਂ ਦੋਸ਼ੀ ਵੱਡੀ ਮਾਤਰਾ ਵਿੱਚ ਲਾਹਨ ਨੂੰ ਪਾਣੀ ਦੇ ਅੰਦਰ ਸੁੱਟ ਗਏ। ਟੀਮਾਂ ਨੇ ਉਥੋਂ ਲਗਭਗ 1 ਲੱਖ ਦੋ ਹਜ਼ਾਰ ਕਿਲੋ ਲਾਹਨ ਬਰਾਮਦ ਕੀਤਾ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਡਰੋਨ ਫੁਟੇਜ ਲੋਕਾਂ ਨੂੰ ਦਿਖਾ ਕੇ ਪੁਲਿਸ ਵੱਲੋਂ 15 ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਤੇ ਐਕਸਾਈਜ਼ ਅਤੇ ਜਲ ਪ੍ਰਦੂਸ਼ਣ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।